ਚੰਡੀਗੜ੍ਹ ‘ਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ, ਭਾਰੀ ਪੁਲਿਸ ਫੋਰਸ ਤਾਇਨਾਤ

0
68

ਚੰਡੀਗੜ੍ਹ ਵਿੱਚ ਅੱਜ ਤੋਂ 3 ਦਿਨਾਂ ਤੱਕ ਕਿਸਾਨਾਂ ਦਾ ਧਰਨਾ ਸ਼ੁਰੂ ਹੋਵੇਗਾ। ਇਹ ਪ੍ਰਦਰਸ਼ਨ 28 ਨਵੰਬਰ ਤੱਕ ਜਾਰੀ ਰਹੇਗਾ। ਕਿਸਾਨ ਕੇਂਦਰ ਸਰਕਾਰ ‘ਤੇ ਵਾਅਦੇ ਤੋਂ ਮੁਕਰਨ ਦਾ ਦੋਸ਼ ਲਾਉਂਦੇ ਹੋਏ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਨੂੰ ਸਰਹੱਦ ‘ਤੇ ਹੀ ਰੋਕਣ ਦੀ ਤਿਆਰੀ ਕਰ ਲਈ ਹੈ। ਪੁਲਿਸ ਨੇ ਮੁਹਾਲੀ ਅਤੇ ਪੰਚਕੂਲਾ ਤੋਂ ਆਉਣ ਵਾਲੇ ਰਸਤਿਆਂ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ। ਕਿਸੇ ਵੀ ਕਿਸਾਨ ਜਥੇਬੰਦੀ ਨੂੰ ਸ਼ਹਿਰ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ।

ਪੰਚਕੂਲਾ ਪੁਲਿਸ ਕਮਿਸ਼ਨਰ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਵਿੱਚ ਉਨ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਬਿਨਾਂ ਇਜ਼ਾਜ਼ਤ ਤੋਂ ਪ੍ਰਦਰਸ਼ਨਕਾਰੀ ਪੰਚਕੂਲਾ ਦੇ ਅੰਦਰ ਜਾਂ ਬਾਹਰ ਵਾਹਨਾਂ ਦੀ ਆਵਾਜਾਈ ਵਿੱਚ ਵਿਘਨ ਨਹੀਂ ਪਾ ਸਕਦੇ ਹਨ ਅਤੇ ਚੰਡੀਗੜ੍ਹ ਵੱਲ ਮਾਰਚ ਕਰਨ ਲਈ ਵੱਖਰੀ ਇਜਾਜ਼ਤ ਲੈਣੀ ਪਵੇਗੀ।

ਨੀਤੂ ਬਜਾਜ ਬਨਾਮ ਹਰਿਆਣਾ ਰਾਜ ਦੇ ਮਾਮਲੇ ਵਿਚ ਹੁਕਮ ਜਾਰੀ ਕਰਦੇ ਹੋਏ ਅਦਾਲਤ ਨੇ ਕਿਹਾ ਸੀ ਕਿ ਕੋਈ ਵੀ ਵਿਅਕਤੀ, ਸੰਗਠਨ ਜਾਂ ਵਿਅਕਤੀਆਂ ਦਾ ਸਮੂਹ ਕਿਸੇ ਵੀ ਜਨਤਕ ਸਥਾਨ ਜਾਂ ਸੜਕਾਂ ‘ਤੇ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਵਿਚ ਰੁਕਾਵਟ ਨਹੀਂ ਪਾ ਸਕਦਾ ਹੈ। ਅਜਿਹੇ ਵਿੱਚ ਇਹ ਪ੍ਰਦਰਸ਼ਨ ਅਦਾਲਤੀ ਹੁਕਮਾਂ ਦੀ ਉਲੰਘਣਾ ਹੈ।

ਮੁਹਾਲੀ ਤੋਂ ਆਉਣ ਵਾਲੇ ਕਿਸਾਨਾਂ ਨੂੰ ਚੰਡੀਗੜ੍ਹ ਦੇ ਸਰਹੱਦੀ ਪਿੰਡ ਫੈਦਾ ਵਿਖੇ ਰੋਕਿਆ ਜਾਵੇਗਾ। ਪੁਲਿਸ ਵੱਲੋਂ ਇੱਥੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲਿਸ ਨੇ ਇਸ ਲਈ ਮੋਹਾਲੀ ਪੁਲਿਸ ਨਾਲ ਕਈ ਦੌਰ ਦੀ ਗੱਲਬਾਤ ਵੀ ਕੀਤੀ ਹੈ। ਇਸ ਸਰਹੱਦ ਤੋਂ ਆਮ ਲੋਕਾਂ ਲਈ ਰਸਤਾ ਵੀ ਮੋੜ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਲਈ ਤਿੰਨ ਪੱਧਰੀ ਸੁਰੱਖਿਆ ਵਿਵਸਥਾ ਕੀਤੀ ਹੈ। ਇਸ ਵਿੱਚ ਚੰਡੀਗੜ੍ਹ ਪੁਲਿਸ ਦੇ ਜਵਾਨ ਪਹਿਲੀ ਲੇਅਰ ਵਿੱਚ ਤਾਇਨਾਤ ਹੋਣਗੇ। ਚੰਡੀਗੜ੍ਹ ਪੁਲਿਸ ਦੇ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਦੂਜੀ ਪਰਤ ਵਿੱਚ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਦੇ ਨਾਲ ਵਜਰ ਵਾਹਨ ਅਤੇ ਜਲ ਤੋਪਾਂ ਵੀ ਤਾਇਨਾਤ ਰਹਿਣਗੀਆਂ। ਕੇਂਦਰੀ ਸੁਰੱਖਿਆ ਬਲ ਦੇ ਜਵਾਨਾਂ ਨੂੰ ਤੀਜੀ ਲੇਅਰ ਵਿੱਚ ਤਾਇਨਾਤ ਕੀਤਾ ਜਾਵੇਗਾ।

LEAVE A REPLY

Please enter your comment!
Please enter your name here