ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਕਰਨ ਵਾਲੇ ਨੂੰ ਹੋਵੇਗੀ 5 ਸਾਲ ਦੀ ਕੈਦ ਤੇ ਜੁਰਮਾਨਾ: DC ਗੁਰਦਾਸਪੁਰ

0
6

ਗੁਰਦਾਸਪੁਰ: ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਤੰਗਾਂ ਉਡਾਉਣ ਲਈ ਕੇਵਲ ਸੂਤੀ ਧਾਗੇ ਦੀ ਡੋਰ ਦੀ ਵਰਤੋਂ ਹੀ ਕਰਨ। ਉਨ੍ਹਾਂ ਕਿਹਾ ਕਿ ਪਲਾਸਟਿਕ/ਸੰਥੈਟਿਕ ਡੋਰ ਜਿਸਨੂੰ ਚਾਈਨਾ ਡੋਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਸ ਡੋਰ ਨਾਲ ਪਤੰਗਬਾਜ਼ੀ ਕਰਨ ਅਤੇ ਉਸਦੀ ਵਿਕਰੀ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।

ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਪਲਾਸਟਿਕ/ਸੰਥੈਟਿਕ ਡੋਰ ਦੀ ਵਿਕਰੀ ਜਾਂ ਵਰਤੋਂ ਕਰੇਗਾ ਉਸ ਖਿਲਾਫ ਸਖਤ ਧਾਰਾ 188 ਦੇ ਨਾਲ-ਨਾਲ ਇਨਵਾਇਰਮੈਂਟ ਪੋ੍ਟੈਕਸ਼ਨ ਐਕਟ ਦੇ ਸੈਕਸ਼ਨ 15 ਤਹਿਤ ਕਾਨੂੰਨੀ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਸ ਤਹਿਤ 5 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।

ਮੰਗਲਵਾਰ ਨੂੰ ਆਪਣੇ ਦਫ਼ਤਰ ਵਿਖੇ ਇਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਸਖਤ ਕਾਰਵਾਈ ਕਰਨ।

ਉਨ੍ਹਾਂ ਕਿਹਾ ਕਿ ਬਜ਼ਾਰਾਂ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ ਅਤੇ ਜੇਕਰ ਕਿਸੇ ਦੁਕਾਨਦਾਰ ਕੋਲੋਂ ਪਾਬੰਦੀਸ਼ੁਦਾ ਡੋਰ ਬਰਮਾਦ ਹੁੰਦੀ ਹੈ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨਾਂ੍ਹ ਕਿਹਾ ਕਿ ਕਿਸੇ ਵੀ ਸੂਰਤ ਵਿੱਚ ਖ਼ਤਰਨਾਕ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ।

ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਵਿੱਚ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਇੱਕ ਜ਼ਿਲ੍ਹਾ ਪੱਧਰ ‘ਤੇ ਵਿਸ਼ੇਸ਼ ਹੈਲਪ ਲਾਈਨ ਨੰਬਰ 1800-180-1852 ਜਾਰੀ ਕੀਤਾ ਗਿਆ ਹੈ, ਜਿਸ ਉੱਪਰ ਚਾਈਨਾਂ ਡੋਰ ਦੀ ਵਿਕਰੀ ਤੇ ਵਰਤੋਂ ਕਰਨ ਵਾਲੇ ਵਿਅਕਤੀਆਂ ਦੀ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਤੇ ਪਤਾ ਪੂਰੀ ਤਰਾਂ ਗੁਪਤ ਰੱਖਿਆ ਜਾਵੇਗਾ।

ਡੀਸੀ ਨੇ ਕਿਹਾ ਕਿ ਜਿਹੜੇ ਬੱਚਿਆਂ ਕੋਲ ਅਜੇ ਵੀ ਪਿਛਲੇ ਸਾਲ ਦੀ ਪਲਾਸਟਿਕ/ਚਾਈਨਾ ਡੋਰ ਘਰ ਪਈ ਹੋਈ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਹ ਡੋਰ ਦੇ ਕੇ ਬਦਲੇ ਵਿੱਚ ਸੂਤੀ ਧਾਗੇ ਦੀ ਡੋਰ ਤੇ ਨਾਲ ਪਤੰਗਾਂ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਵਿੱਚ ਏ.ਡੀ.ਸੀ. ਵਿਕਾਸ ਦੇ ਦਫ਼ਤਰ ਕੋਲ ‘ਅਬਾਦ ਹੁਨਰ ਹੱਟ’ ਤੋਂ ਬੱਚੇ ਚਾਈਨਾ ਡੋਰ ਵਟਾ ਕੇ ਸੂਤੀ ਧਾਗੇ ਦੀ ਡੋਰ ਪ੍ਰਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਬਾਦ ਹੁਨਰ ਹੱਟ ਵਿਖੇ ਸੂਤੀ ਧਾਗੇ ਦੀ ਡੋਰ ਵੀ ਵਿਕਰੀ ਲਈ ਰੱਖੀ ਗਈ ਹੈ ਤਾਂ ਜੋ ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਅਸਾਨੀ ਨਾਲ ਸੂਤੀ ਧਾਗੇ ਦੀ ਡੋਰ ਮਿਲ ਸਕੇ।

LEAVE A REPLY

Please enter your comment!
Please enter your name here