ਪੰਜਾਬੀ ਗਾਇਕ ਸਤਵਿੰਦਰ ਬੁੱਗਾ ਖਿਲਾਫ ਫਤਿਹਗੜ੍ਹ ਸਾਹਿਬ ‘ਚ ਗੈਰ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। 23 ਦਸੰਬਰ 2023 ਨੂੰ ਭਰਾ ਨਾਲ ਜ਼ਮੀਨੀ ਝਗੜੇ ‘ਚ ਉਸ ਦੀ ਭਰਜਾਈ ਦੀ ਮੌਤ ਹੋ ਗਈ ਸੀ। ਐਫਆਈਆਰ ਵਿੱਚ ਬੁੱਗਾ ਦੇ ਸਾਥੀ ਹਜ਼ਾਰਾ ਸਿੰਘ ਅਤੇ ਹਰਵਿੰਦਰ ਸਿੰਘ ਦਾ ਨਾਂ ਵੀ ਦਰਜ ਹੈ।
ਭਰਾ ਦਵਿੰਦਰ ਸਿੰਘ ਭੋਲਾ ਨੇ ਦੋਸ਼ ਲਾਇਆ ਕਿ ਲੜਾਈ ਦੌਰਾਨ ਸਤਵਿੰਦਰ ਬੁੱਗਾ ਨੇ ਉਸ ਦੀ ਪਤਨੀ ਅਮਰਜੀਤ ਕੌਰ ਨੂੰ ਧੱਕਾ ਮਾਰਿਆ। ਸਿਰ ‘ਤੇ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਹਾਲਤ ਲਗਾਤਾਰ ਵਿਗੜਦੀ ਗਈ। ਜਦੋਂ ਉਹ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਉਸ ਦੀ ਮੌਤ ਹੋ ਗਈ। ਅਮਰਜੀਤ ਦੀ ਮੌਤ ਤੋਂ ਬਾਅਦ ਪਤੀ ਦਵਿੰਦਰ ਨੇ ਉਸ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਅੰਤਿਮ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਸਤਵਿੰਦਰ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਾਂਦਾ।ਦਵਿੰਦਰ ਸਿੰਘ ਭੋਲਾ ਨੇ ਪੁਲੀਸ ’ਤੇ ਵੀ ਗੰਭੀਰ ਦੋਸ਼ ਲਾਏ ਸਨ। ਇਸ ਤੋਂ ਬਾਅਦ ਦਵਿੰਦਰ ਸਿੰਘ ਨੇ ਹਾਈ ਕੋਰਟ ਦਾ ਸਹਾਰਾ ਲਿਆ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ 6 ਜਨਵਰੀ 2024 ਨੂੰ ਡਾਕਟਰਾਂ ਦੇ ਬੋਰਡ ਵੱਲੋਂ ਅਮਰਜੀਤ ਕੌਰ ਦਾ ਪੋਸਟਮਾਰਟਮ ਕੀਤਾ ਗਿਆ ਸੀ।
ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਅਮਰਜੀਤ ਕੌਰ ਦੀ ਮੌਤ ਸਿਰ ਵਿੱਚ ਸੱਟ ਲੱਗਣ ਕਾਰਨ ਹੋਈ ਹੈ।ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਆਈਪੀਸੀ ਦੀ ਧਾਰਾ 304 (ਗੈਰ ਇਰਾਦਤਨ ਹੱਤਿਆ), 323 (ਮਾਰਕੁੱਟ), 341 (ਰਸਤੇ ‘ਚ ਘੇਰਨਾ), 506 (ਅਪਰਾਧਿਕ ਧਮਕੀ) ਅਤੇ ਧਾਰਾ 34 ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਧਾਰਾ 304 ਗੈਰ-ਜ਼ਮਾਨਤੀ ਧਾਰਾ ਹੈ।