ਗਣਤੰਤਰ ਦਿਵਸ ਨੂੰ ਨੇੜੇ ਵੇਖਦਿਆਂ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਸਰਹੱਦੀ ਖੇਤਰਾਂ ਸਮੇਤ ਪੂਰੇ ਪੰਜਾਬ ’ਚ ਸੁਰੱਖਿਆ ਇੰਤਜ਼ਾਮ ਮਜ਼ਬੂਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਗਣਤੰਤਰ ਦਿਵਸ ’ਤੇ ਰਾਜਪਾਲ, ਮੁੱਖ ਮੰਤਰੀ ਤੇ ਮੰਤਰੀਆਂ ਵਲੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ, ਜਿਸ ਨੂੰ ਵੇਖਦਿਆਂ ਦੇਸ਼-ਵਿਰੋਧੀ ਤਾਕਤਾਂ ਤੇ ਸਮਾਜ-ਵਿਰੋਧੀ ਅਨਸਰ ਸਰਗਰਮ ਹੋ ਜਾਂਦੇ ਹਨ।
ਡੀ. ਜੀ. ਪੀ. ਗੌਰਵ ਯਾਦਵ ਨੇ ਸਾਰੇ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨੂੰ ਆਪੋ-ਆਪਣੇ ਖੇਤਰਾਂ ਵਿਚ ਰਾਤ ਦੇ ਨਾਕੇ ਲਾਉਣ ਦੇ ਹੁਕਮ ਦਿੱਤੇ ਹਨ। ਇਹ ਵੀ ਹੁਕਮ ਦਿੱਤੇ ਗਏ ਹਨ ਕਿ ਗਣਤੰਤਰ ਦਿਵਸ ਤੋਂ ਪਹਿਲਾਂ ਸਾਰੇ ਪੁਲਸ ਕਮਿਸ਼ਨਰ ਤੇ ਐੱਸ. ਐੱਸ. ਪੀਜ਼ ਆਪੋ-ਆਪਣੇ ਖੇਤਰਾਂ ਵਿਚ ਖੁਦ ਪੁਲਸ ਨਾਕਿਆਂ ਦੀ ਚੈਕਿੰਗ ਕਰਨ।
ਪੰਜਾਬ ਪੁਲਸ ਵਲੋਂ ਅੱਤਵਾਦੀਆਂ ਤੇ ਸਮਾਜ-ਵਿਰੋਧੀ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਆਪਰੇਸ਼ਨ ਵੀ ਚਲਾਇਆ ਜਾਵੇਗਾ। ਪੰਜਾਬ ’ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੇੜੇ ਵਿਸ਼ੇਸ਼ ਨਾਕਾਬੰਦੀ ਰਹੇਗੀ। ਗਣਤੰਤਰ ਦਿਵਸ ਸਬੰਧੀ ਕੁੱਝ ਸਰਹੱਦੀ ਜ਼ਿਲ੍ਹਿਆਂ ਵਿਚ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਵੀ ਵਧਾਈ ਜਾਵੇਗੀ।