ਲੁਧਿਆਣਾ : ਰਕਮ ਦੁਗਣੀ ਕਰਨ ਦੇ ਨਾਮ ਤੇ ਕੱਪੜੇ ਦੇ ਕਾਰੋਬਾਰੀ ਰੋਹਿਤ ਸਾਹਨੀ ਨਾਲ 30 ਲੱਖ ਰੁਪਏ ਦੀ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈl ਇਸ ਕੇਸ ਵਿੱਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਨਿਊ ਦੀਪ ਨਗਰ ਸਿਵਲ ਲਾਈਨ ਦੇ ਵਾਸੀ ਰੋਹਿਤ ਸਾਹਨੀ ਦੀ ਸ਼ਿਕਾਇਤ ਤੇ ਨਸੀਬ ਇਨਕਲੇਵ ਹੈਬੋਵਾਲ ਕਲਾ ਦੇ ਵਾਸੀ ਸੌਰਵ ਮਹਿੰਦਰੂ, ਉਸ ਦੀ ਪਤਨੀ ਮਨੀ ਮਹਿੰਦਰੂ ਅਤੇ ਸ਼ਿਵਾ ਜੀ ਨਗਰ ਦੇ ਰਹਿਣ ਵਾਲੇ ਸਚਿਨ ਦੇ ਖਿਲਾਫ ਧੋਖਾਧੜੀ ਅਪਰਾਧਿਕ ਸਾਜਿਸ਼ ਅਤੇ ਹੋਰ ਸੰਗੀਨ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਰੋਹਿਤ ਸਾਹਨੀ ਨੇ ਦੱਸਿਆ ਕਿ ਉਸਦੇ ਇੱਕ ਦੋਸਤ ਦੇ ਜਰੀਏ ਉਸ ਦਾ ਸੰਪਰਕ ਸੌਰਵ, ਮਨੀ ਅਤੇ ਸਚਿਨ ਦੇ ਨਾਲ ਹੋਇਆl ਰੋਹਿਤ ਮੁਲਜ਼ਮਾਂ ਦੇ ਮਨਸੂਬਿਆਂ ਤੋਂ ਬੇਖਬਰ ਸੀ ਕਿ ਉਹ ਉਸ ਨੂੰ ਚੂਨਾ ਲਗਾਉਣ ਦੀ ਤਿਆਰੀ ਕਰ ਰਹੇ ਹਨ l ਘੜੀ ਗਈ ਸਾਜਿਸ਼ ਦੇ ਤਹਿਤ ਮੁਲਜ਼ਮਾਂ ਨੇ ਰੋਹਿਤ ਨੂੰ ਆਨਲਾਈਨ ਐਪ ਦੇ ਜ਼ਰੀਏ ਰਕਮ ਡਬਲ ਕਰਨ ਦੀ ਗੱਲ ਆਖੀ l ਉਨ੍ਹਾਂ ਆਖਿਆ ਕਿ ਪੈਸੇ ਲਗਾਉਣ ਦੇ ਬਾਅਦ ਕੁਝ ਹੀ ਹਫਤਿਆਂ ਵਿੱਚ ਰਕਮ ਦੁਗਣੀ ਹੋ ਜਾਵੇਗੀl
ਰੋਹਿਤ ਅਤੇ ਉਸਦੇ ਭਰਾ ਨੇ ਪੈਸੇ ਲਗਾਉਣੇ ਸ਼ੁਰੂ ਕਰ ਦਿੱਤੇl ਮੁਲਜਮ ਰਕਮ ਦੀ ਵਾਪਸੀ 20 ਫੀਸਦੀ ਤੋਂ ਘੱਟ ਕਰਦੇ ਸਨ l ਕਈ ਵਾਰ ਰੋਹਿਤ ਨੂੰ 20 ਫੀਸਦੀ ਅਤੇ ਉਸ ਤੋਂ ਘੱਟ ਦੀ ਵਾਪਸੀ ਹੋ ਗਈ l ਲਾਲਚ ਵਿੱਚ ਆਇਆ ਰੋਹਿਤ ਲਗਾਤਾਰ ਪੈਸੇ ਲਗਾਉਂਦਾ ਰਿਹਾl ਇਸੇ ਦੌਰਾਨ ਰੋਹਿਤ ਸਾਹਨੀ ਦੇ ਇੱਕ ਦੋਸਤ ਨੇ ਸਾਰੇ ਮਾਮਲੇ ਤੇ ਸ਼ੱਕ ਪੈਣ ਤੇ ਉਸ ਨੂੰ ਮਸ਼ਵਰਾ ਦਿੱਤਾ ਕਿ ਉਹ ਇੱਕ ਵਾਰ ਆਪਣੀ ਸਾਰੀ ਰਕਮ ਵਾਪਸ ਮੰਗਵਾਏl
ਰੋਹਿਤ ਨੇ ਜਦ ਮੁਲਜਮਾਂ ਕੋਲੋਂ ਇੱਕ ਵਾਰ ਪੂਰੀ ਰਕਮ ਵਾਪਸ ਮੰਗੀ ਤਾਂ ਮੁਲਜ਼ਮਾਂ ਨੇ ਉਸ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ l ਰੋਹਿਤ ਨੇ ਦੱਸਿਆ ਕਿ ਹੁਣ ਤੱਕ ਉਸ ਨਾਲ 30 ਲੱਖ ਰੁਪਏ ਗੁਆ ਚੁੱਕਾ ਹੈ । ਇਸ ਮਾਮਲੇ ਸੰਬੰਧੀ ਰੋਹਿਤ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ l ਪੜਤਾਲ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 8ਦੀ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।









