ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਇੱਕ ਵਾਰ ਫਿਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਹੈ। ਦਰਅਸਲ ਯੁਵਰਾਜ ਇੱਕ ਇਵੈਂਟ ਵਿਚ ਸ਼ਾਮਲ ਹੋਣ ਲਈ ਚੰਡੀਗੜ੍ਹ ਦੇ ਐਲਾਂਟੇ ਮਾਲ ਵਿਚ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਸਟੇਜ ‘ਤੇ ਦੱਸਿਆ ਕਿ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਗਾਣੇ ਪਸੰਦ ਹਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਿੰਦੀ, ਪੰਜਾਬੀ ਤੇ ਇੰਗਲਿਸ਼ ਸਭ ਤਰ੍ਹਾਂ ਦੇ ਗਾਣੇ ਚੰਗੇ ਲੱਗਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਖਾਸ ਤੌਰ ‘ਤੇ ਪੰਜਾਬੀ ਗਾਣੇ ਬਹੁਤ ਪਸੰਦ ਹਨ। ਇਸ ਮੌਕੇ ਉਨ੍ਹਾਂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਸਭ ਤੋਂ ਜ਼ਿਆਦਾ ਸਿੱਧੂ ਮੂਸੇਵਾਲਾ ਦੇ ਗਾਣਿਆਂ ਨੂੰ ਮਿਸ ਕਰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸਿੱਧੂ ਇਕ ਬੇਮਿਸਾਲ ਗਾਇਕ ਅਤੇ ਅਸਾਧਾਰਨ ਸ਼ਖ਼ਸੀਅਤ ਸਨ।
ਜ਼ਿਕਰਯੋਗ ਹੈ ਕਿ ਜਵਾਹਰਕੇ ਪਿੰਡ ‘ਚ 29 ਮਈ 2022 ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਮਾਤਾ- ਪਿਤਾ ਅੱਜ ਵੀ ਸਿੱਧੂ ਨੂੰ ਇਨਸਾਫ ਦਿਵਾਉਣ ਲਈ ਲੜਾਈ ਲੜ ਰਹੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪਰ ਅਜੇ ਵੀ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ।