ਕੈਨੇਡਾ ‘ਚ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌ.ਤ

0
29

ਖੰਨਾ ਦੇ ਨੌਜਵਾਨ ਵਿਸ਼ਵਰਾਜ ਸਿੰਘ ਗਿੱਲ (ਰਾਜਾ ਗਿੱਲ) ਦੀ ਕੈਨੇਡਾ ਦੇ ਸ਼ਹਿਰ ਕੈਲੇਡਨ ’ਚ 31 ਦਸੰਬਰ ਨੂੰ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਖ਼ਬਰ ਦਾ ਪਤਾ ਲਗਦੇ ਸਾਰ ਹੀ ਮ੍ਰਿਤਕ ਦੇ ਪਿਤਾ ‘ਆਪ’ ਦੇ ਸੀਨੀਅਰ ਆਗੂ ਰਿਟਾਇਰਡ ਜੇ. ਈ. ਕੁਲਵੰਤ ਸਿੰਘ ਗਿੱਲ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਵਾਲਿਆਂ ਦਾ ਤਾਂਤਾ ਲੱਗ ਗਿਆ।

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵਿਸ਼ਵਰਾਜ ਸਿੰਘ ਗਿੱਲ 2018 ’ਚ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ, ਜੋ ਕਿ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਰਹਿ ਰਿਹਾ ਸੀ। ਉਸ ਦੀ ਮੰਗਣੀ ਵੀ ਕੈਨੇਡਾ ਰਹਿੰਦੀ ਲੜਕੀ ਨਾਲ ਹੋਈ ਸੀ, ਜੋ ਕਿ ਵਿਆਹ ਦੇ ਸਬੰਧ ’ਚ ਥੋੜ੍ਹੇ ਦਿਨ ਪਹਿਲਾਂ ਹੀ ਭਾਰਤ ਆਈ ਸੀ।

ਵਿਸ਼ਵਰਾਜ ਨੂੰ ਵੀ ਭਾਰਤ ਆਉਣ ਲਈ ਕਹਿ ਦਿੱਤਾ ਗਿਆ ਸੀ ਪਰ ਉਹ ਕਹਿੰਦਾ ਕਿ ਮੇਰੀ ਪੀ.ਆਰ. ਥੋੜ੍ਹੇ ਦਿਨਾਂ ’ਚ ਆ ਜਾਣੀ ਹੈ, ਜਦੋਂ ਪੀ.ਆਰ. ਆ ਗਈ ਤਾਂ ਮੈਂ ਤੁਰੰਤ ਆ ਜਾਊਂਗਾ। ਘਰ ‘ਚ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਜੋ ਕਿ ਜਨਵਰੀ ਜਾਂ ਫਰਵਰੀ ਮਹੀਨੇ ’ਚ ਹੋ ਜਾਣਾ ਸੀ।

ਕੁਲਵੰਤ ਸਿੰਘ ਨੇ ਅੱਗੇ ਦੱਸਿਆ ਕਿ ਅਜੇ ਕੁਝ ਘੰਟੇ ਪਹਿਲਾਂ ਹੀ ਮੇਰੀ ਵਿਸ਼ਵਰਾਜ ਨਾਲ ਗੱਲ ਹੋਈ ਸੀ, ਜਿਸ ਵਿਚ ਉਹ ਕਹਿ ਰਿਹਾ ਸੀ ਕਿ ਮੈਂ ਜਲਦੀ ਘਰ ਆ ਜਾਵਾਂਗਾ ਅਤੇ ਉਸਨੇ ਘਰ ਆ ਕੇ ਆਪਣੀ ਫੋਟੋ ਵੀ ਮੈਨੂੰ ਭੇਜੀ ਸੀ। ਉਹ ਫਿਰ ਆਪਣੇ ਪਾਲਤੂ ਕੁੱਤੇ ਨੂੰ ਘੁਮਾਉਣ ਕਾਰ ਲੈ ਕੇ ਨਿਕਲ ਗਿਆ।

ਅਚਾਨਕ ਉਸਦੀ ਕਾਰ ਬਰਫ ਤੋਂ ਤਿਲਕ ਕੇ ਪਲਟੀਆਂ ਖਾਂਦੀ ਹੋਈ ਦੂਜੀ ਸਾਈਡ ਕਿਸੇ ਹੋਰ ਗੱਡੀ ਨਾਲ ਟਕਰਾ ਗਈ। ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ। ਸੀਟ ਬੈਲਟ ਲੱਗੀ ਹੋਣ ਕਾਰਨ ਉਹ ਕਾਰ ਤੋਂ ਬਾਹਰ ਨਹੀਂ ਆ ਸਕਿਆ ਕਿ ਇਹ ਭਾਣਾ ਵਰਤ ਗਿਆ। ਜਿਸ ਵਿਚ ਵਿਸ਼ਵਰਾਜ ਗਿੱਲ ਸਾਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ।

ਇਸ ਮੌਕੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਐੱਮ.ਐੱਲ.ਏ. ਖੰਨਾ ਦੇ ਪਿਤਾ ਭੁਪਿੰਦਰ ਸਿੰਘ ਸੌਂਦ, ‘ਆਪ’ ਆਗੂ ਮਲਕੀਤ ਸਿੰਘ ਮੀਤਾ, ਜਸਵਿੰਦਰ ਸਿੰਘ ਬਿਲਿੰਗ, ਗੁਰਜੀਤ ਸਿੰਘ ਗਿੱਲ, ਸੁਖਜੀਤ ਸਿੰਘ, ਸੁਰਜੀਤ ਸਿੰਘ ਮਹਿੰਦੀ, ਮਨਦੀਪ ਸਿੰਘ, ਸਨੀ, ਮਨਵੀਰ ਸਿੰਘ, ਜਗਦੀਪ ਸਿੰਘ, ਹਰਬੰਸ ਸਿੰਘ, ਜਰਨੈਲ ਸਿੰਘ, ਹੁਕਮ ਚੰਦ ਤੇ ਅਵਤਾਰ ਸਿੰਘ ਸ਼ੇਰ ਗਿੱਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here