ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਕਈ ਮੀਟਿੰਗਾਂ ਹੋਈਆਂ ਤੇ ਇਹ ਸਾਰੀਆਂ ਹੀ ਮੀਟਿੰਗਾਂ ਬੇਸਿੱਟਾ ਰਹੀਆਂ ਹਨ। ਹੁਣ ਕਿਸਾਨ ਅੱਗੇ ਵਧਣ ਨੂੰ ਪੂਰੀ ਤਰ੍ਹਾਂ ਤਿਆਰ ਹਨ। ਦੱਸ ਦਈਏ ਕਿ ਪੰਜਾਬ ਦੇ ਕਿਸਾਨ ਅੱਜ ਸਵੇਰੇ 11 ਵਜੇ ਦਿੱਲੀ ਵੱਲ ਕੂਚ ਕਰਨਗੇ। ਕਿਸਾਨਾਂ ਦਾ ਮੁੱਖ ਕਾਫਲਾ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ਤੋਂ ਰਵਾਨਾ ਹੋਵੇਗਾ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਇਸ ਸੰਘਰਸ਼ ‘ਚ ਸ਼ਾਮਿਲ ਹੋ ਰਹੇ ਹਨ। ਇਸ ਤੋਂ ਇਲਾਵਾ ਕਿਸਾਨ ਖਨੌਰੀ ਬਾਰਡਰ ਤੋਂ ਵੀ ਹਰਿਆਣਾ ਵਿਚ ਦਾਖਲ ਹੋਣਗੇ। ਇੱਥੋਂ ਉਹ ਟਰੈਕਟਰ-ਟਰਾਲੀਆਂ ਵਿੱਚ ਦਿੱਲੀ ਵੱਲ ਰਵਾਨਾ ਹੋਣਗੇ।
ਪੁਲਿਸ ਵਲੋਂ ਕਿਸਾਨਾਂ ਨੂੰ ਰੋਕਣ ਲਈ ਸਖਤ ਪ੍ਰਬੰਧ ਕੀਤੇ ਗਏ ਹਨ।ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਸ਼ੰਭੂ ਸਰਹੱਦ ’ਤੇ ਘੱਗਰ ਨਦੀ ’ਤੇ ਬਣੇ ਪੁਲ ’ਤੇ ਸੀਮਿੰਟ ਦੇ ਗਾਰਡਰ ਅਤੇ ਕੰਡਿਆਲੀਆਂ ਤਾਰਾਂ ਲਾ ਕੇ ਬੈਰੀਕੇਡ ਲਗਾ ਦਿੱਤੇ ਹਨ।
ਦੱਸ ਦਈਏ ਕਿ ਇਸ ਨੂੰ ਤੋੜਨ ਲਈ ਕਿਸਾਨ ਜੇਸੀਬੀ, ਹਾਈਡ੍ਰੌਲਿਕ ਕਰੇਨ ਅਤੇ ਬੁਲੇਟ ਪਰੂਫ ਪੋਕਲੇਨ ਮਸ਼ੀਨ ਵੀ ਲੈ ਕੇ ਆਏ ਹਨ।ਅੰਦੋਲਨ ਦਾ ਅੱਜ 9ਵਾਂ ਦਿਨ ਹੈ। ਅੱਠ ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਹੁਣ ਤੱਕ ਵੱਖ-ਵੱਖ ਕਾਰਨਾਂ ਕਰਕੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ 2 ਕਿਸਾਨ ਅਤੇ 2 ਪੁਲਿਸ ਸਬ-ਇੰਸਪੈਕਟਰ ਸ਼ਾਮਲ ਹਨ।