ਨਵਾਂਸ਼ਹਿਰ-ਬੰਗਾ ਨੈਸ਼ਨਲ ਹਾਈਵੇ ‘ਤੇ ਪਿੰਡ ਚੂਹੜਪੁਰ ਲਿੰਕ ਸੜਕ ਕੋਲ ਫਾਰਚੂਨਰ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ ਜਿਸ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿਟੀ ਥਾਣਾ ਨਵਾਂਸ਼ਹਿਰ ਦੇ ਏਐੱਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜਗਦੀਸ਼ ਰਾਮ ਵਾਸੀ ਪਿੰਡ ਧਮਾਈ, ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਮੇਰਾ ਪਿਤਾ ਪਰਮਜੀਤ ਤੇ ਤਾਇਆ ਜੀ ਧਰਮਪਾਲ ਪੁੱਤਰ ਕਰਤਾਰ ਚੰਦ ਬਾਈਕ ‘ਤੇ ਸਵਾਰ ਹੋ ਕੇ ਆਪਣੇ ਪਿੰਡ ਧਮਾਈ ਤੋਂ ਰਾਹੋਂ ਰਿਸ਼ਤੇਦਾਰੀ ਵਿਚ ਜਾ ਰਹੇ ਸਨ।
ਜਦੋਂ ਉਹ ਚੂਹੜਪੁਰ ਲਿੰਕ ਰੋਡ ਤੋਂ ਮੇਨ ਨੈਸ਼ਨਲ ਹਾਈਵੇ ‘ਤੇ ਚੜ੍ਹੇ ਤਾਂ ਬੰਗਾ ਵੱਲੋਂ ਤੇਜ਼ ਰਫਤਾਰ ਫਾਰਚੂਨਰ ਕਾਰ ਨੇ ਮੋਟਰਸਾਈਕਲ ਵਿਚ ਟੱਕਰ ਮਾਰੀ ਜਿਸ ਨਾਲ ਮੇਰੇ ਪਿਤਾ ਤੇ ਤਾਇਆ ਜੀ ਸੜਕ ਦੇ ਵਿਚ ਬਣੇ ਡਿਵਾਈਡਰ ‘ਤੇ ਜਾ ਡਿੱਗੇ ,ਮੇਰੇ ਤਾਏ ਧਰਮਪਾਲ ਤੇ ਪਿਤਾ ਪਰਮਜੀਤ ਦੇ ਗੰਭੀਰ ਸੱਟਾਂ ਵੱਜੀਆਂ। ਜਿਸ ‘ਤੇ ਮੈਂ ਉਨ੍ਹਾਂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਲੈ ਆਇਆ। ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ASI ਸੁਰਿੰਦਰ ਕੁਮਾਰ ਨੇ ਦੱਸਿਆ ਕਿ ਕਾਰ ਡਰਾਈਵਰ ਇਕਬਾਲ ਸਿੰਘ ਵਾਸੀ ਪਿੰਡ ਜੋਗਵਾਲ ਜ਼ਿਲ੍ਹਾ ਮੋਗਾ ਹਾਲ ਵਾਸੀ ਪਿੰਡ ਜੈਤੋਵਾਲੀ ਨੇੜੇ ਜੰਡੂਸਿੰਘਾ ਜ਼ਿਲ੍ਹਾ ਜਲੰਧਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਕਾਰ ਤੇ ਬਾਈਕ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।