ਮਹਾਰਾਸ਼ਟਰ ਵਿੱਚ ਊਧਵ ਠਾਕਰੇ ਦੀ ਸਰਕਾਰ ਨੂੰ ਭਲਕੇ ਯਾਨੀ 30 ਜੂਨ ਨੂੰ ਭਰੋਸੇ ਦਾ ਵੋਟ ਸਾਬਤ ਕਰਨਾ ਹੋਵੇਗਾ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਇਸ ਸਬੰਧੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਸ ਦਾ ਇੱਕੋ ਇੱਕ ਏਜੰਡਾ ਫਲੋਰ ਟੈਸਟ ਹੈ। ਕੋਸ਼ਿਆਰੀ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਕੱਤਰ ਨੂੰ ਵੀਰਵਾਰ ਨੂੰ ਸਵੇਰੇ 11 ਵਜੇ ਊਧਵ ਠਾਕਰੇ ਦੀ ਸਰਕਾਰ ਦਾ ਫਲੋਟ ਟੈਸਟ ਕਰਵਾਉਣ ਲਈ ਕਿਹਾ ਹੈ। ਰਾਜਪਾਲ ਨੇ ਆਪਣੇ ਪੱਤਰ ਵਿੱਚ ਇਹ ਵੀ ਕਿਹਾ ਹੈ ਕਿ ਕਿਸੇ ਵੀ ਹਾਲਤ ਵਿੱਚ ਵਿਧਾਨ ਸਭਾ ਦੀ ਕਾਰਵਾਈ ਸ਼ਾਮ 5 ਵਜੇ ਤੱਕ ਖਤਮ ਹੋ ਜਾਣੀ ਚਾਹੀਦੀ ਹੈ।
ਇਸ ਦੌਰਾਨ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਹੈ ਕਿ ਉਹ ਰਾਜਪਾਲ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣਗੇ। ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘ਅਸੀਂ ਫਲੋਰ ਟੈਸਟ ਲਈ ਬੁਲਾਉਣ ਦੇ ਰਾਜਪਾਲ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਜਾਵਾਂਗੇ। ਇਹ ਇੱਕ ਗੈਰ-ਕਾਨੂੰਨੀ ਫੈਸਲਾ ਹੈ ਕਿਉਂਕਿ ਸਾਡੇ 16 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦਾ ਮਾਮਲਾ ਇਸ ਸਮੇਂ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ।
ਸ਼ਿੰਦੇ ਨੇ ਸਮਰਥਨ ਵਾਪਸ ਲੈ ਲਿਆ ਹੈ
ਦੱਸ ਦਈਏ ਕਿ ਸ਼ਿਵ ਸੈਨਾ ਦੇ ਬਾਗੀ ਨੇਤਾ ਏਕਨਾਥ ਸ਼ਿੰਦੇ ਨੇ ਸੁਪਰੀਮ ਕੋਰਟ ‘ਚ ਦਾਇਰ ਆਪਣੀ ਪਟੀਸ਼ਨ ‘ਚ ਕਿਹਾ ਹੈ ਕਿ ਮਹਾ ਵਿਕਾਸ ਅਗਾੜੀ (MVA) ਗਠਜੋੜ ਨੇ ਸਦਨ ‘ਚ ਬਹੁਮਤ ਗੁਆ ਦਿੱਤਾ ਹੈ। ਸ਼ਿੰਦੇ ਮੁਤਾਬਕ ਵਿਧਾਇਕ ਦਲ ਦੇ 38 ਮੈਂਬਰਾਂ ਨੇ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਅਜਿਹੇ ‘ਚ ਠਾਕਰੇ ਸਰਕਾਰ ਲਈ ਸਰਕਾਰ ਨੂੰ ਬਚਾਉਣਾ ਆਸਾਨ ਨਹੀਂ ਹੋਵੇਗਾ।