ਉੱਤਰਾਖੰਡ ‘ਚ ਨੈਨੀਤਾਲ ਜ਼ਿਲ੍ਹੇ ਦੇ ਪਿੰਡ ਰਾਮਨਗਰ ਢੇਲਾ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਅੱਜ ਤੜਕੇ ਸਾਢੇ ਪੰਜ ਵਜੇ ਦੇ ਕਰੀਬ ਰਾਮਨਗਰ ‘ਚ ਢੇਲਾ ਨਦੀ ਦੇ ਵਹਾਅ ‘ਚ ਇਕ ਅਰਟਿਗਾ ਕਾਰ ਦੇ ਵਹਿ ਜਾਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇਕ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ, ਜਿਸ ਨੂੰ ਜਲਦਬਾਜ਼ੀ ‘ਚ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਨਦੀ ‘ਚ ਡੁੱਬਣ ਵਾਲੀ ਕਾਰ ‘ਚੋਂ 7 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਦੋ ਹੋਰ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਰੇ ਮ੍ਰਿਤਕ ਪੰਜਾਬ ਦੇ ਦੱਸੇ ਜਾ ਰਹੇ ਹਨ।
ਸਥਾਨਕ ਲੋਕਾਂ ਅਨੁਸਾਰ ਬੀਤੀ ਰਾਤ ਕਰੀਬ 2 ਵਜੇ ਤੋਂ ਹੀ ਢੇਲਾ ਦਰਿਆ ਦੇ ਇਲਾਕੇ ‘ਚ ਮੀਂਹ ਪੈ ਰਿਹਾ ਸੀ, ਜਿਸ ਕਾਰਨ ਦਰਿਆ ਦੇ ਨਾਲਿਆਂ ‘ਚ ਪਾਣੀ ਭਰ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਕਾਰ ਨਦੀ ‘ਚ ਰੁੜ੍ਹ ਗਈ। ਦੱਸਿਆ ਜਾ ਰਿਹਾ ਹੈ ਕਿ ਦੋ ਲਾਸ਼ਾਂ ਅਜੇ ਵੀ ਕਾਰ ਵਿੱਚ ਫਸੀਆਂ ਹੋਈਆਂ ਹਨ।
ਇਹ ਸਾਰੇ ਮ੍ਰਿਤਕ ਪੰਜਾਬ ਦੇ ਦੱਸੇ ਜਾ ਰਹੇ ਹਨ ਜੋ ਢੇਲਾ ਦੇ ਰਸਤੇ ਰਾਮਨਗਰ ਜਾ ਰਹੇ ਸਨ। ਫਿਲਹਾਲ ਮੌਕੇ ‘ਤੇ ਸਥਾਨਕ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਹੈ ਅਤੇ ਕਾਰ ਨੂੰ ਬਾਹਰ ਕੱਢਣ ਲਈ ਮਦਦ ਵੀ ਕੀਤੀ ਜਾ ਰਹੀ ਹੈ। ਟਰੈਕਟਰਾਂ ਦੀ ਮਦਦ ਨਾਲ ਕਾਰ ਨੂੰ ਪਾਣੀ ‘ਚੋਂ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਕਾਰ ਪੱਥਰਾਂ ਵਿਚਕਾਰ ਬੁਰੀ ਤਰ੍ਹਾਂ ਫਸੀ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਸਥਾਨਕ ਲੋਕ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਬਚਾਅ ਕਾਰਜ ਕਰ ਰਹੇ ਸਨ।