ਪੰਜਾਬੀ ਸਾਹਿਤ ਜਗਤ ਨਾਲ ਜੁੜੀ ਬੜੀ ਹੀ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਉੱਘੇ ਪੰਜਾਬੀ ਸਾਹਿਤਕਾਰ ਜਗਜੀਤ ਸਿੰਘ ਪਿਆਸਾ ਇਸ ਦੁਨੀਆ ਵਿਚ ਨਹੀਂ ਰਹੇ। ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਇਸ ਖ਼ਬਰ ਨਾਲ ਪੂਰੇ ਸਾਹਿਤ ਜਗਤ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦੇਈਏ ਕਿ ਉਨ੍ਹਾਂ ਦੀ ਉਮਰ 70 ਸਾਲ ਸੀ ਅਤੇ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਉਨ੍ਹਾਂ ਦੇ ਦਿਹਾਂਤ ਬਾਰੇ ਉਨ੍ਹਾਂ ਦੇ ਪੁੱਤਰ ਸੁਖਵਿੰਦਰਪਾਲ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਰਹੂਮ ਜਗਜੀਤ ਸਿੰਘ ਪਿਆਸਾ ਡੀਐੱਮਸੀ ਲੁਧਿਆਣਾ ‘ਚ ਜ਼ੇਰੇ ਇਲਾਜ ਸਨ ਅਤੇ ਉਨ੍ਹਾਂ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਉਨ੍ਹਾਂ ਦੱਸਿਆ ਕਿ ਲੇਖਕ ਪਿਆਸਾ ਨੂੰ ਪਹਿਲਾਂ ਵੀ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਬ੍ਰੇਨ ਟਿਊਮਰ ਵੀ ਹੋ ਗਿਆ ਸੀ।
ਦੱਸ ਦੇਈਏ ਕਿ ਸਾਹਿਤਕਾਰ ਜਗਜੀਤ ਸਿੰਘ ਪਿਆਸਾ ਦੀ ਕਿਤਾਬ ‘ਤੂੰ ਬੂਹਾ ਖੋਲ੍ਹ ਕੇ ਰੱਖੀਂ’ ਕਾਫੀ ਮਸ਼ਹੂਰ ਹੈ। ਉਨ੍ਹਾਂ ਦੇ ਲਿਖੇ ਗੀਤ ਵੀ ਕਈ ਨਾਮਵਰ ਕਲਾਕਾਰਾਂ ਨੇ ਗਾਏ ਹਨ। ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਸ਼ਰਨਜੀਤ ਕੌਰ, ਦੋ ਬੇਟੇ ਤੇ ਇਕ ਬੇਟੀ ਹਨ। ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਜਗਜੀਤ ਸਿੰਘ ਪਿਆਸਾ ਦਾ ਸਸਕਾਰ ਅੱਜ ਸ਼ਾਮ 5 ਵਜੇ ਕੋਟਕਪੂਰਾ ਦੇ ਰਾਮਵਣ ਸਿੱਖਾਂ ਵਾਲਾ ਰੋਡ ਵਿਖੇ ਕੀਤਾ ਜਾਵੇਗਾ।