ਇਟਲੀ ਵਿਚ ਐਲਪਾਈਨ ਗਲੇਸ਼ੀਅਰ ਦਾ ਵੱਡਾ ਹਿੱਸਾ ਟੁੱਟ ਕੇ ਹੇਠ ਡਿੱਗ ਗਿਆ ਹੈ। ਇਸ ਦੀ ਲਪੇਟ ‘ਚ ਆਉਣ ਨਾਲ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। 8 ਲੋਕ ਜ਼ਖਮੀ ਹੋ ਗਏ। ਮੀਡੀਆ ਰਿਪੋਰਟ ਮੁਤਾਬਕ 18 ਲੋਕ ਬਰਫ਼ ਅਤੇ ਚੱਟਾਨਾਂ ਦੇ ਮਲਬੇ ਹੇਠ ਦੱਬੇ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।ਨੈਸ਼ਨਲ ਅਲਪਾਈਨ ਐਂਡ ਕੇਵ ਰੈਸਕਿਊ ਕੋਰ ਦੀ ਅਧਿਕਾਰੀ ਮਿਸ਼ੇਲਾ ਕੈਨੋਵਾ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਲੋਕਾਂ ਨੂੰ ਬਚਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ।
ਜ਼ਖ਼ਮੀਆਂ ਵਿੱਚੋਂ ਦੋ ਨੂੰ ਬੇਲੂਨੋ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ। ਇਸ ਦੇ ਨਾਲ ਹੀ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਟ੍ਰੇਵਿਸੋ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। 5 ਲੋਕਾਂ ਨੂੰ ਟ੍ਰੇਂਟੋ ਦੇ ਹਸਪਤਾਲ ਲਿਜਾਇਆ ਗਿਆ ਹੈ। ਅਲਪਾਈਨ ਬਚਾਅ ਸੇਵਾ ਦੇ ਬੁਲਾਰੇ ਵਾਲਟਰ ਮਿਲਾਨ ਨੇ ਕਿਹਾ ਕਿ ਪੁੰਤਾ ਰੌਕਾ ਨੇੜੇ ਇਤਾਲਵੀ ਡੋਲੋਮਾਈਟਸ ਵਿਚ ਸਭ ਤੋਂ ਉੱਚੇ ਪਹਾੜ ਮਾਰਮੋਲਾਡਾ ‘ਤੇ ਇਕ ਗਲੇਸ਼ੀਅਰ ਡਿੱਗ ਗਿਆ। ਮਾਰਮੋਲਾਡਾ ਦੀ ਉਚਾਈ ਲਗਭਗ 11, 000 ਫੁੱਟ ਹੈ। ਮਾਰਮੋਲਾਡਾ ਪੀਕ ਇਲਾਕੇ ‘ਚ ਚੱਲ ਰਹੇ ਬਚਾਅ ਕਾਰਜ ‘ਚ ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ।