ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਵਨਡੇ ਤੋਂ ਵੀ ਲਿਆ ਸੰਨਿਆਸ

0
83

ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਨਵੇਂ ਸਾਲ ਦੇ ਮੌਕੇ ‘ਤੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ । ਉਨ੍ਹਾਂ ਨੇ ਟੈਸਟ ਤੋਂ ਬਾਅਦ ਵਨਡੇ ਤੋਂ ਵੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ । ਹਾਲਾਂਕਿ, ਵਾਰਨਰ ਨੇ ਇਹ ਵੀ ਕਿਹਾ ਹੈ ਕਿ ਉਹ 2025 ਵਿੱਚ ਹੋਣ ਵਾਲੀ ਚੈਂਪੀਅਨਸ ਟਰਾਫੀ ਵਿੱਚ ਖੇਡ ਸਕਦੇ ਹਨ । ਡੇਵਿਡ ਵਾਰਨਰ ਨੇ ਪਹਿਲਾਂ ਹੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ । ਪਾਕਿਸਤਾਨ ਦੇ ਖਿਲਾਫ਼ ਸਿਡਨੀ ਵਿੱਚ 3 ਜਨਵਰੀ ਤੋਂ ਹੋਣ ਵਾਲੇ ਟੈਸਟ ਮੈਚ ਵਿੱਚ ਖੇਡਣ ਤੋਂ ਬਾਅਦ ਉਹ ਇਸ ਫਾਰਮੈਟ ਨੂੰ ਅਲਵਿਦਾ ਕਹਿ ਦੇਣਗੇ । ਹੁਣ ਉਨ੍ਹਾਂ ਨੇ ਕਿਹਾ ਕਿ ਟੈਸਟ ਦੇ ਨਾਲ-ਨਾਲ ਉਹ ਉਸੇ ਦਿਨ ਵਨਡੇ ਤੋਂ ਵੀ ਸੰਨਿਆਸ ਲੈ ਲੈਣਗੇ।

ਵਾਰਨਰ ਨੇ ਕਿਹਾ ਕਿ ਇਸ ਸਾਲ ਭਾਰਤ ਵਿੱਚ ਵਿਸ਼ਵ ਕੱਪ ਜਿੱਤਣਾ ਇੱਕ ਵੱਡੀ ਪ੍ਰਾਪਤੀ ਸੀ ਅਤੇ ਇਹ ਕੁਝ ਅਜਿਹਾ ਸੀ ਜਿਸਦੇ ਬਾਰੇ ਉਨ੍ਹਾਂ ਨੇ ਪਹਿਲਾਂ ਵੀ ਸੋਚਿਆ ਸੀ। ਉਨ੍ਹਾਂ ਨੇ ਸੋਮਵਾਰ ਨੂੰ ਸਿਡਨੀ ਕ੍ਰਿਕਟ ਗ੍ਰਾਊਂਡ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਯਕੀਨੀ ਤੌਰ ‘ਤੇ ਵਨਡੇ ਕ੍ਰਿਕਟ ਤੋਂ ਵੀ ਸੰਨਿਆਸ ਲੈ ਰਿਹਾ ਹਾਂ।

ਵਾਰਨਰ ਦੋ ਵਾਰ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹਿ ਚੁੱਕੇ ਹਨ। 2015 ਵਿੱਚ ਮਾਇਕਲ ਕਲਾਰਕ ਦੀ ਕਪਤਾਨੀ ਵਿੱਚ ਮੈਲਬਰਨ ਵਿੱਚ ਨਿਊਜ਼ੀਲੈਂਡ ਦੇ ਖਿਲਾਫ਼ ਫਾਈਨਲ ਜਿੱਤ ਕੇ ਕੰਗਾਰੂ ਟੀਮ ਨੇ ਵਿਸ਼ਵ ਕੱਪ ਆਪਣੇ ਨਾਮ ਕੀਤਾ ਸੀ, ਉਦੋਂ ਵਾਰਨਰ ਟੀਮ ਦੇ ਮੈਂਬਰ ਸਨ।

ਇਸ ਤੋਂ ਅੱਗੇ ਵਾਰਨਰ ਨੇ ਕਿਹਾ ਕਿ ਉਹ ਦੁਨੀਆ ਭਰ ਦੀਆਂ ਹੋਰ ਲੀਗਾਂ ਵਿੱਚ ਖੇਡਣਾ ਚਾਹੁੰਦਾ ਹਨ। ਉਨ੍ਹਾਂ ਦੇ ਸੰਨਿਆਸ ਲੈਣ ਨਾਲ ਵਨਡੇ ਟੀਮ ਨੂੰ ਅੱਗੇ ਵਧਣ ਵਿੱਚ ਮਦਦ ਮਿਲੇਗੀ। ਆਸਟ੍ਰੇਲੀਆਈ ਓਪਨਰ ਨੇ ਇਹ ਵੀ ਕਿਹਾ ਕਿ ਜੇਕਰ ਉਹ ਦੋ ਸਾਲ ਤੱਕ ਚੰਗੀ ਤਰ੍ਹਾਂ ਨਾਲ ਖੇਡਦੇ ਰਹੇ ਤੇ ਟੀਮ ਨੂੰ ਉਨ੍ਹਾਂ ਦੀ ਜ਼ਰੂਰਤ ਪਈ ਤਾਂ ਉਹ ਚੈਂਪੀਅਨਜ਼ ਟ੍ਰਾਫੀ ਵਿੱਚ ਖੇਡਣ ਦੇ ਲਈ ਉਪਲਬਧ ਰਹਿਣਗੇ।

ਦੱਸ ਦੇਈਏ ਕਿ ਵਾਰਨਰ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਵੀ ਹਨ। ਉਨ੍ਹਾਂ ਨੇ 2015 ਵਿੱਚ ਘਰੇਲੂ ਮੈਦਾਨ ‘ਤੇ ਅਤੇ ਫਿਰ 2023 ਵਿੱਚ ਭਾਰਤ ਵਿੱਚ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ 2015 ਵਿਸ਼ਵ ਕੱਪ ਦੀਆਂ 8 ਪਾਰੀਆਂ ਵਿੱਚ 49.28 ਦੀ ਔਸਤ ਤੇ 120.20 ਦੀ ਸਟ੍ਰਾਈਕ ਰੇਟ ਨਾਲ 345 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਇੱਕ ਸੈਂਕੜਾ ਲਗਾਇਆ ਸੀ।

ਉਹ ਟੂਰਨਾਮੈਂਟ ਵਿੱਚ ਆਸਟ੍ਰੇਲੀਆ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਸਨ। 2023 ਵਿਸ਼ਵ ਕੱਪ ਵਿੱਚ ਉਨ੍ਹਾਂ ਨੇ 11 ਮੈਚਾਂ ਵਿੱਚ 48.63 ਦੀ ਔਸਤ ਤੇ 108.29 ਦੀ ਸਟ੍ਰਾਈਕ ਰੇਟ ਦੇ ਨਾਲ 535 ਦੌੜਾਂ ਬਣਾਈਆਂ। ਉਹ ਟੂਰਨਾਮੈਂਟ ਵਿੱਚ ਕੰਗਾਰੂ ਟੀਮ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਉਨ੍ਹਾਂ ਨੇ ਵਿਸ਼ਵ ਕੱਪ ਵਿੱਚ ਦੋ ਸੈਂਕੜੇ ਤੇ ਦੋ ਅਰਧ ਸੈਂਕੜੇ ਲਗਾਏ ਸਨ।

LEAVE A REPLY

Please enter your comment!
Please enter your name here