ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਕਿਸ ਦੀ ਸਰਕਾਰ ਬਣੇਗੀ। ਕਿਸ ਦੇ ਸਿਰ ‘ਤੇ ਤਾਜ ਸਜੇਗਾ ਅਤੇ ਕਿਸ ਦੀ ਝੋਲੀ ‘ਚ ਹਾਰ ਪਵੇਗੀ, ਇਸ ਦਾ ਫੈਸਲਾ ਅੱਜ ਹੋ ਜਾਵੇਗਾ। ਇਨ੍ਹਾਂ ਚਾਰ ਰਾਜਾਂ ਵਿੱਚ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।
ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ‘ਚ ਭਾਜਪਾ ਅਤੇ ਕਾਂਗਰਸ ਵਿਚਾਲੇ ਕਰੀਬੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਤੇਲੰਗਾਨਾ ‘ਚ ਕਾਂਗਰਸ ਨੂੰ ਵੱਡੀ ਜਿੱਤ ਮਿਲ ਸਕਦੀ ਹੈ।ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਅੱਜ ਵੋਟਾਂ ਦੀ ਗਿਣਤੀ ਤੋਂ ਬਾਅਦ ਤਸਵੀਰ ਸਪੱਸ਼ਟ ਹੋ ਜਾਵੇਗੀ ਕਿ ਕਿਸ ਦੀ ਸਰਕਾਰ ਬਣੇਗੀ। ਐਗਜ਼ਿਟ ਪੋਲ ਦੇ ਨਤੀਜੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਆ ਗਏ ਹਨ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਸਾਰੇ ਐਗਜ਼ਿਟ ਪੋਲ ਭਾਜਪਾ ਅਤੇ ਕਾਂਗਰਸ ਵਿਚਕਾਰ ਕਰੀਬੀ ਮੁਕਾਬਲਾ ਦਿਖਾ ਰਹੇ ਹਨ।
ਕੁਝ ਐਗਜ਼ਿਟ ਪੋਲਾਂ ‘ਚ ਭਾਜਪਾ ਸਰਕਾਰ ਅੱਗੇ ਜਾਂ ਕੁਝ ‘ਚ ਕਾਂਗਰਸ ਅੱਗੇ ਦਿਖਾਈ ਦੇ ਰਹੀ ਹੈ। ਜੇਕਰ ਛੱਤੀਸਗੜ੍ਹ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਐਗਜ਼ਿਟ ਪੋਲ ਕਾਂਗਰਸ ਸਰਕਾਰ ਦੇ ਪੱਖ ‘ਚ ਹਨ। ਪਰ ਭਾਜਪਾ ਵੀ ਇਨ੍ਹਾਂ ਅੰਕੜਿਆਂ ਵਿੱਚ ਬਹੁਤ ਪਿੱਛੇ ਨਜ਼ਰ ਨਹੀਂ ਆਉਂਦੀ।ਅਜਿਹੇ ‘ਚ ਭਾਜਪਾ ਦੀਆਂ ਉਮੀਦਾਂ ਅਜੇ ਟੁੱਟੀਆਂ ਨਹੀਂ ਹਨ, ਜਿਸ ਕਾਰਨ ਸਾਬਕਾ ਸੀਐੱਮ ਰਮਨ ਸਿੰਘ ਛੱਤੀਸਗੜ੍ਹ ‘ਚ ਜਿੱਤ ਦਾ ਦਾਅਵਾ ਕਰ ਰਹੇ ਹਨ।
ਦੂਜੇ ਪਾਸੇ ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਤੇਲੰਗਾਨਾ ਵਿੱਚ ਕੇਸੀਆਰ ਲਈ ਸੱਤਾ ਦਾ ਰਸਤਾ ਆਸਾਨ ਨਹੀਂ ਜਾਪਦਾ। ਸਰਵੇਖਣ ਮੁਤਾਬਕ ਬੀਆਰਐਸ ਖ਼ਿਲਾਫ਼ ਸੱਤਾ ਵਿਰੋਧੀ ਲਹਿਰ ਹੈ। ਨਤੀਜਿਆਂ ਵਾਲੇ ਦਿਨ ਕੇਸੀਆਰ ਨੂੰ ਇਨ੍ਹਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਵੇਖਣ ਇਹ ਸੰਕੇਤ ਦੇ ਰਿਹਾ ਹੈ ਕਿ ਸੀਐਮ ਕੇ. ਚੰਦਰਸ਼ੇਖਰ ਰਾਓ ਨਾ ਤਾਂ ਜਿੱਤਾਂ ਦੀ ਹੈਟ੍ਰਿਕ ਬਣਾ ਸਕਣਗੇ ਅਤੇ ਨਾ ਹੀ ਆਪਣੀ ਤਾਕਤ ਬਚਾ ਸਕਣਗੇ।ਤੇਲੰਗਾਨਾ ਵਿੱਚ ਕੇਸੀਆਰ ਦੀ ਲੜਾਈ ਕਾਂਗਰਸ ਅਤੇ ਭਾਜਪਾ ਨਾਲ ਹੈ।