ਅੰਮ੍ਰਿਤਸਰ ਜ਼ਿਲ੍ਹੇ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਆਈਪੀਐਸ ਅਰੁਣਪਾਲ ਸਿੰਘ ਨੇ ਰਾਤ 1 ਵਜੇ ਹੁਕਮ ਜਾਰੀ ਕਰਕੇ ਸਮੁੱਚੇ ਕਮਿਸ਼ਨਰੇਟ ਦੇ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ। ਕਮਿਸ਼ਨਰ ਨੇ ਜ਼ਿਲ੍ਹੇ ਦੇ 1139 ਸਬ ਇੰਸਪੈਕਟਰਾਂ, ਏਐਸਆਈ, ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਹਨ।
ਪੁਲਿਸ ਕਮਿਸ਼ਨਰ ਦਾ ਇਹ ਕਦਮ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਸਮੇਂ ਤੋਂ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਵਿਗੜ ਰਹੀ ਸੀ। ਕਤਲ, ਲੁੱਟ-ਖੋਹ ਅਤੇ ਚੋਰੀਆਂ ਵਰਗੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸ ਲਈ ਸਮੁੱਚੇ ਕਮਿਸ਼ਨਰੇਟ ਦੀ ਪੁਲਿਸ ਵਿੱਚ ਇੱਕੋ ਰਾਤ ਵਿੱਚ ਫੇਰਬਦਲ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਵੀ ਕਰ ਦਿੱਤਾ ਗਿਆ ਹੈ।
ਲੰਬੇ ਸਮੇਂ ਤੋਂ ਇੱਕ ਹੀ ਥਾਣੇ ਵਿੱਚ ਤਾਇਨਾਤ ਕਈ ਮੁਲਾਜ਼ਮ ਬਦਲ ਗਏ
ਜ਼ਿਆਦਾਤਰ ਉਨ੍ਹਾਂ ਸਬ-ਇੰਸਪੈਕਟਰਾਂ, ਏ.ਐੱਸ.ਆਈ., ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਗਏ ਹਨ, ਜੋ ਲੰਬੇ ਸਮੇਂ ਤੋਂ ਇੱਕੋ ਥਾਣੇ ਵਿੱਚ ਤਾਇਨਾਤ ਸਨ। ਇਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਸਾਰੇ ਥਾਣਿਆਂ ਦੇ ਮੁਨਸ਼ੀ ਸ਼ਾਮਲ ਹਨ। ਜਿਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਆਉਟਪੁੱਟ ਬਹੁਤ ਖ਼ਰਾਬ ਸੀ, ਉਨ੍ਹਾਂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।