ਕੜਾਕੇ ਦੀ ਠੰਡ ਦੇ ਮੱਦੇਨਜ਼ਰ ਬੀਤੀ ਰਾਤ ਸਮਰਾਲਾ ਦੇ ਪਿੰਡ ਨਾਗਰਾ ਵਿਖੇ ਅੰਗੀਠੀ ਸੇਕ ਰਹੇ ਇੱਕ ਪਰਿਵਾਰ ਨੂੰ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਪਤੀ-ਪਤਨੀ ਦੀ ਹਾਲਤ ਵਿਗੜ ਗਈ। ਇਸ ਦੇ ਨਾਲ ਹੀ ਉਨ੍ਹਾਂ ਦੇ 2 ਸਾਲ ਦੇ ਮਾਸੂਮ ਬੱਚੇ ਦੀ ਜ਼ਹਿਰੀਲੀ ਗੈਸ ਦੇ ਅਸਰ ਕਾਰਨ ਮੌਤ ਹੋ ਗਈ।
ਇਹ ਹਾਦਸਾ ਰਾਤ ਕਰੀਬ 9 ਵਜੇ ਉਸ ਵੇਲੇ ਵਾਪਰਿਆ ਜਦੋਂ ਅਨਮੋਲਕ ਸਿੰਘ (27) ਆਪਣੀ ਪਤਨੀ ਸੁਮਨਪ੍ਰੀਤ ਕੌਰ ਅਤੇ 2 ਸਾਲ ਦੇ ਪੁੱਤ ਅਰਮਾਨ ਸਮੇਤ ਰਾਤ ਦੀ ਰੋਟੀ ਖਾਣ ਉਪਰੰਤ ਠੰਡ ਜ਼ਿਆਦਾ ਹੋਣ ਕਾਰਨ ਸੋਣ ਵਾਲੇ ਕਮਰੇ ‘ਚ ਅੰਗੀਠੀ ਸੇਕਣ ਲੱਗ ਪਏ।
ਕੁੱਝ ਦੇਰ ਬਾਅਦ ਹੀ ਅੰਗੀਠੀ ਸੇਕਣ ਕਾਰਨ ਕਮਰੇ ‘ਚ ਪੈਦਾ ਹੋਈ ਜ਼ਹਿਰੀਲੀ ਗੈਸ ਇਨ੍ਹਾਂ ਤਿੰਨਾਂ ਮੈਂਬਰਾਂ ਨੂੰ ਹੀ ਚੜ੍ਹ ਗਈ ਅਤੇ ਉਨ੍ਹਾਂ ਦੀ ਹਾਲਤ ਵਿਗੜਨ ਲੱਗੀ। ਆਸ-ਪਾਸ ਦੇ ਲੋਕਾਂ ਨੂੰ ਘਟਨਾਂ ਦਾ ਪਤਾ ਲੱਗਣ ’ਤੇ ਬੰਦ ਕਮਰੇ ‘ਚ ਬੇਹੋਸ਼ੀ ਦੀ ਹਾਲਤ ‘ਚ ਪਏ ਪਰਿਵਾਰ ਦੇ ਤਿੰਨੇ ਜੀਆਂ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ 2 ਸਾਲ ਦੇ ਅਰਮਾਨ ਦੀ ਮੌਤ ਹੋ ਚੁੱਕੀ ਸੀ। ਮੌਕੇ ’ਤੇ ਪੁਲਸ ਵੀ ਪਹੁੰਚ ਗਈ ਅਤੇ ਸਾਰਿਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ।
ਇੱਥੇ ਡਾਕਟਰਾਂ ਨੇ ਬੱਚੇ ਨੂੰ ਤਾਂ ਮ੍ਰਿਤਕ ਐਲਾਨ ਦਿੱਤਾ ਪਰ ਪਤੀ-ਪਤਨੀ ਨੂੰ ਮੁੱਢਲੇ ਇਲਾਜ ਮਗਰੋਂ ਚੰਡੀਗੜ੍ਹ ਰੈਫ਼ਰ ਕੀਤਾ ਗਿਆ। ਸਮੇਂ ’ਤੇ ਡਾਕਟਰੀ ਇਲਾਜ ਮਿਲਣ ਕਾਰਨ ਸਵੇਰ ਤੱਕ ਪਤੀ-ਪਤਨੀ ਦੀ ਹਾਲਤ ‘ਚ ਸੁਧਾਰ ਦੀ ਜਾਣਕਾਰੀ ਸਾਹਮਣੇ ਆਈ ਹੈ।