ਅਮਰੀਕਾ ਦੀ ‘ਆਜ਼ਾਦੀ ਦਿਵਸ ਪਰੇਡ’ ਦੌਰਾਨ ਹੋਈ ਗੋਲੀਬਾਰੀ, 6 ਦੀ ਮੌਤ, 31 ਜ਼ਖਮੀ

0
426

ਸ਼ਿਕਾਗੋ: ਅਮਰੀਕਾ ਦੇ ਸੁਤੰਤਰਤਾ ਦਿਵਸ (4 ਜੁਲਾਈ) ‘ਤੇ ਸ਼ਿਕਾਗੋ ‘ਚ ‘ਫਰੀਡਮ ਡੇ ਪਰੇਡ’ ਦੌਰਾਨ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਸ਼ਿਕਾਗੋ ਦੇ ਉਪਨਗਰ ਇਲੀਨੋਇਸ ਸੂਬੇ ਦੇ ਹਾਈਲੈਂਡ ਪਾਰਕ ਵਿਚ ਵਾਪਰੀ। ਪੁਲਿਸ ਮੁਤਾਬਕ ਹਮਲੇ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 31 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪਰੇਡ ਸਵੇਰੇ 10 ਵਜੇ ਸ਼ੁਰੂ ਹੋਈ ਪਰ 10 ਮਿੰਟ ਦੀ ਗੋਲੀਬਾਰੀ ਤੋਂ ਬਾਅਦ ਪਰੇਡ ਬੰਦ ਕਰ ਦਿੱਤੀ ਗਈ। ਇਸ ਨੂੰ ਦੇਖਣ ਲਈ ਸੈਂਕੜੇ ਲੋਕ ਇਕੱਠੇ ਹੋਏ ਸਨ। ਪੁਲਿਸ ਮੁਤਾਬਕ ਹਮਲਾਵਰ ਨੇ ਇਕ ਸਟੋਰ ਦੀ ਛੱਤ ਤੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰ ਦੀ ਭਾਲ ਜਾਰੀ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਕਿਹਾ- ਮੈਂ ਇਸ ਬੇਰਹਿਮ ਹਿੰਸਾ ਤੋਂ ਹੈਰਾਨ ਹਾਂ। ਹਾਈਲੈਂਡ ਪਾਰਕ ਦੇ ਸੁਰੱਖਿਆ ਮੁਖੀ ਕ੍ਰਿਸ ਓ’ਨੀਲ ਨੇ ਕਿਹਾ ਕਿ ਪੁਲਿਸ ਸ਼ੱਕੀ ਹਮਲਾਵਰ ਦੀ ਭਾਲ ਕਰ ਰਹੀ ਹੈ। ਨੀਲ ਮੁਤਾਬਕ ਹਮਲਾਵਰ 18 ਤੋਂ 20 ਸਾਲ ਦਾ ਨੌਜਵਾਨ ਹੈ। ਉਸ ਦਾ ਰੰਗ ਗੋਰਾ ਹੈ ਅਤੇ ਲੰਬੇ ਵਾਲ ਹਨ। ਉਸ ਨੇ ਚਿੱਟੇ ਜਾਂ ਨੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਪੁਲਿਸ ਨੇ ਮੌਕੇ ਤੋਂ ਇਕ ਬੰਦੂਕ ਬਰਾਮਦ ਕੀਤੀ ਹੈ। ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ।

ਮੀਡੀਆ ਰਿਪੋਰਟ ਮੁਤਾਬਕ ਘਟਨਾ ਵਾਲੀ ਥਾਂ ‘ਤੇ ਇਕ ਵਿਅਕਤੀ ਜ਼ਮੀਨ ‘ਤੇ ਪਿਆ ਹੋਇਆ ਸੀ। ਉਸ ਦਾ ਸਰੀਰ ਕੰਬਲ ਨਾਲ ਢੱਕਿਆ ਹੋਇਆ ਸੀ। ਇਸ ਦੇ ਨਾਲ ਹੀ ਕਰੀਬ 5-6 ਲੋਕ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਪਏ ਹਨ। ਇਕ ਸਥਾਨਕ ਨਿਵਾਸੀ ਮਾਈਲਸ ਜ਼ੇਰੇਮਸਕੀ ਨੇ ਦੱਸਿਆ – ਮੈਂ 20 ਤੋਂ 25 ਗੋਲੀਆਂ ਸੁਣੀਆਂ ਜੋ ਇਕ ਤੋਂ ਬਾਅਦ ਇਕ ਲਗਾਤਾਰ ਚੱਲ ਰਹੀਆਂ ਸਨ। ਇਸ ਲਈ ਇਹ ਸਿਰਫ਼ ਇਕ ਹੈਂਡਗਨ ਜਾਂ ਸ਼ਾਟਗਨ ਨਹੀਂ ਹੋ ਸਕਦਾ। ਪਿਛਲੇ ਸਾਲ ਵੀ ਆਜ਼ਾਦੀ ਦਿਵਸ ਮੌਕੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸ ਵਿਚ 19 ਜਾਨਾਂ ਗਈਆਂ ਸਨ।

ਐਫਬੀਆਈ ਸ਼ਿਕਾਗੋ ਦੇ ਇੱਕ ਬੁਲਾਰੇ ਨੇ ਕਿਹਾ ਕਿ ਇੱਕ ਪੁਲਿਸ ਟੀਮ ਨੂੰ ਘਟਨਾ ਸਥਾਨ ‘ਤੇ ਤਾਇਨਾਤ ਕੀਤਾ ਗਿਆ ਹੈ। ਅਸੀਂ ਅਜੇ ਹਮਲਾਵਰ ਨੂੰ ਫੜਨਾ ਹੈ, ਅਸੀਂ ਜਲਦੀ ਹੀ ਦੋਸ਼ੀ ਨੂੰ ਫੜ ਲਵਾਂਗੇ। ਡਾਗ ਸਕੁਐਡ ਦੀ ਟੀਮ ਵੀ ਪਹੁੰਚ ਗਈ ਹੈ ਅਤੇ ਪੁਲਿਸ ਹਮਲਾਵਰ ਨੂੰ ਫੜਨ ਲਈ ਜੁੱਟ ਗਈ ਹੈ।

LEAVE A REPLY

Please enter your comment!
Please enter your name here