ਅਮਰੀਕਾ ਦੀ ਰਹਿਣ ਵਾਲੀ 30 ਸਾਲਾਂ ਭਾਰਤੀ ਔਰਤ ਮਨਦੀਪ ਕੌਰ ਨੇ 3 ਅਗਸਤ ਨੂੰ ਆਪਣੇ ਪਤੀ ਰਣਜੋਧਬੀਰ ਸਿੰਘ ਸੰਧੂ ਵੱਲੋਂ ਕਰੀਬ ਅੱਠ ਸਾਲਾਂ ਤੋਂ ਲਗਾਤਾਰ ਘਰੇਲੂ ਹਿੰਸਾ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ ਸੀ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਘਟਨਾ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ ਹੈ। ਹਰ ਕਿਸੇ ਦਾ ਦਿਲ ਇਸ ਵੀਡਿਓ ਨੂੰ ਦੇਖ ਕੇ ਦੁਖੀ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਮਨਦੀਪ ਨੇ ਮਾਨਸਿਕ ਤੇ ਸਰੀਰਕ ਦੁੱਖਾਂ ਦਾ ਸਾਹਮਣਾ ਕੀਤਾ ਤੇ ਅੰਤ ਇਸ ਹਰ ਰੋਜ਼ ਦੀ ਪੀੜਾਂ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।
ਇਸ ਵੀਡਿਓ ਨੂੰ ਦੇਖ ਕੇ ਹੁਣ ਲੋਕਾਂ ਵਲੋਂ ਮਨਦੀਪ ਲਈ ਇਨਸਾਫ ਮੰਗਿਆ ਜਾ ਰਿਹਾ ਹੈ। ਅਮਰੀਕਾ ‘ਚ ਉਸਦੇ ਘਰ ਬਾਹਰ ਪੰਜਾਬੀ ਲੋਕ ਮਨਦੀਪ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਇੱਕਠੇ ਹੋ ਗਏ ਹਨ। ਉੱਥੇ ਹੀ ਪੰਜਾਬੀ ਗਾਇਕਾਂ ਵਲੋਂ ਵੀ ਮਨਦੀਪ ਦੀ ਵੀਡਿਓ ਨੂੰ ਦੇਖਣ ਤੋਂ ਬਾਅਦ ਭਾਵੁਕ ਪੋਸਟਾਂ ਪਾਈਆਂ ਗਈਆਂ ਹਨ। ਹਾਲ ਹੀ ’ਚ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ-ਗਾਇਕ ਰਣਜੀਤ ਬਾਵਾ ਨੇ ਇਸ ਘਟਨਾ ਨੂੰ ਸੁਣ ਕੇ ਭਾਵੁਕ ਹੋ ਗਏ।
ਗਾਇਕ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਸ ਲਿਖਿਆ ਹੈ ਕਿ ‘ਮਨਦੀਪ ਕੌਰ ਭੈਣ ਦੀ ਵੀਡੀਓ ਦੇਖ ਕੇ ਬਹੁਤ ਦੁੱਖ ਹੋਇਆ, ਅਸੀਂ ਇੰਨਾਂ ਪੜ੍ਹ-ਲੇਖ ਕੇ ਇੰਨੇ ਵੱਡੇ ਮੁਲਕਾ ’ਚ ਪਹੁੰਚੇ ਕੇ ਵੀ ਅਜੇ ਤੱਕ ਇੰਨਾ ਹੀ ਨਹੀਂ ਸਿੱਖੇ ਕਿ ਜਿਹੜੀ ਔਰਤ ਤੁਹਾਡੇ ਬੱਚੇ ’ਤੇ ਇੰਨੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਚੱਲ ਰਹੀ ਹੈ, ਫ਼ਿਰ ਵੀ ਉਸ ਉਪਰ ਇੰਨਾ ਅਤਿਆਚਾਰ ਅਤੇ ਇੰਨੀ ਕੁੱਟਮਾਰ, ਔਰਤ ਇੰਨੀ ਸ਼ਕਤੀਸ਼ਾਲੀ ਹੁੰਦੀ ਹੈ।’
ਰਣਜੀਤ ਬਾਵਾ ਨੇ ਅੱਗੇ ਕਿਹਾ ਕਿ ‘ਧੰਨ ਹੈ ਉਹ ਭੈਣ ਜਿਸ ਨੇ 8 ਸਾਲਾਂ ਤੱਕ ਇਹ ਸਹਿਣ ਕੀਤਾ, ਭੈਣ ਹੋ ਸਕਦਾ ਹੈ ਕਿ ਅਸੀਂ ਵੀ ਇਸ ਸਮਾਜ ਦਾ ਹਿੰਸਾ ਹੋਈਏ, ਮਾਫ਼ ਕਰੀ ਅਤੇ ਵਹਿਗੁਰੂ ਸਮਝ ਬਖ਼ਸ਼ੇ, ਇਹ ਲੋਕਾਂ ਨੂੰ ਸਜ਼ਾ ਦੇਵੇ ਤਾਂ ਜੋ ਹੋਰ ਕਿਸੇ ਧੀ–ਭੈਣ ’ਤੇ ਇਹ ਸਭ ਨਾ ਹੋਵੇ, ਬਹੁਤ ਜ਼ਿਆਦਾ ਦੁਖ ਲਗਦਾ ਆਸ ਹੈ ਜਲਦੀ ਇਨਸਾਫ਼ ਮਿਲੇ।’
ਇੱਕ ਪੋਸਟ ‘ਚ ਬਾਵਾ ਨੇ ਲਿਖਿਆ ਕਿ ਮੁੰਡਾ ਜਾਂ ਕੁੜੀ ਜੰਮਣ ‘ਚ ਔਰਤ ਦੀ ਕੁੱਖ ਹੁੁੰਦੀ ਹੈ, ਬਾਕੀ ਸਭ ਮਰਦ ਦੇ ਹੱਥ ਹੁੰਦਾ ਹੈ।ਉਨ੍ਹਾਂ ਨੇ ਕਿਹਾ ਕਿ ਆਪਣੇ ਲੋਕ ਅਜੇ ਵੀ ਨਹੀਂ ਸਮਝ ਰਹੇ ਸਾਰਾ ਕਸੂਰ ਔਰਤ ਦਾ ਕੱਢਦੇ ਹਨ। ਉਨ੍ਹਾਂ ਨੇ ਕਿਹਾ ਕਿ ਧੀ, ਮਾਂ,ਭੈਣ,ਪਤਨੀ ਤੇ ਹੋਰ ਕਈ ਰਿਸ਼ਤੇ ਔਰਤ ਬਿਨਾਂ ਅਧੂਰੇ ਹਨ। ਰੱਬ ਅਜਿਹੇ ਲੋਕਾਂ ਨੂੰ ਅਕਲ ਦੇਵੇ। ਇਸਦੇ ਨਾਲ ਹੀ ਉਨ੍ਹਾਂ ਨੇ ਮਨਦੀਪ ਲਈ ਇਨਸਾਫ ਦੀ ਮੰਗ ਕੀਤੀ ਹੈ।
ਇਸ ਦੇ ਨਾਲ ਇਕ ਹੋਰ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਨੇ ਇੰਸਟਾਗ੍ਰਾਮ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਅਦਾਕਾਰ ਨੇ ਭਾਵੁਕ ਹੋ ਕੇ ਲਿਖਿਆ ਹੈ ਕਿ ‘ਕੀ ਇਹ ਉਹ ਸੰਸਾਰ ਹੈ ਜਿਸ ’ਚ ਅਸੀਂ ਰਹਿ ਰਹੇ ਹਾਂ! ਐਨੀ ਨਫ਼ਰਤ ਕਿਥੋਂ ਲੈ ਕੇ ਆਉਂਦੇ, ਓ ਯਾਰ ਕਿਥੇ ਜਵਾਬ ਦੇਣਾ ਏਹੋ ਜੇ ਪਾਪ ਕਰ ਕੇ, ਬਾਹਰ ਆ ਕੇ ਅਸੀਂ ਇੱਥੇ ਖੜ੍ਹੇ ਹਾਂ, ਪੜ੍ਹ-ਲਿਖ ਕੇ ਵੀ ਅਸੀਂ ਇਹ ਕਰ ਰਹੇ ਹਾਂ, ਇਹ ਸਾਡੇ ਸਮਾਜ ਦੀ ਤਰਫੋਂ ਵੱਡੀ ਅਸਫ਼ਲਤਾ ਹੈ, ਸ਼ਰਮਨਾਕ ਹੈ।’
ਤਰਸੇਮ ਜੱਸੜ ਨੇ ਅੱਗੇ ਕਿਹਾ ਕਿ ‘ਮਨਦੀਪ ਕੌਰ (30) ਨੂੰ ਉਸ ਦੇ ਪਤੀ ਰਣਜੋਧਬੀਰ ਸਿੰਘ ਸੰਧੂ ਨੇ ਕਈ ਸਾਲਾਂ ਤੋਂ ਸਰੀਰਕ ਹਿੰਦਾ ਸ਼ਿਕਾਰ ਬਣਾਇਆ। ਕੱਲ੍ਹ ਸਾਨੂੰ ਪਤਾ ਲੱਗਾ ਕਿ ਉਸਨੇ ਆਪਣੀ ਜਾਨ ਲੈ ਲਈ। ਉਨ੍ਹਾਂ ਦੀਆਂ ਦੋ ਕੁੜੀਆਂ ਸਨ ਜੋ 4 ਅਤੇ 6 ਸਾਲਾਂ ਦੀਆਂ ਹਨ।’ ਇਸ ਦੁਖ ਭਰੀ ਘਟਨਾ ਨੂੰ ਲੈ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ।