ਵਿਦੇਸ਼ ਵਿੱਚ ਰਹਿੰਦੇ ਭਾਰਤੀਆਂ ਦੀ ਆਏ ਦਿਨ ਮੌਤ ਦੀਆਂ ਖਬਰਾਂ ਦੇਖਣ ਤੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ | ਜਿਸਦੇ ਚੱਲਦਿਆਂ ਅਮਰੀਕਾ ਤੋਂ ਇੱਕ ਹੋਰ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਤਰਨਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਮੁਹਾਲੀ ਜ਼ਿਲ੍ਹੇ ਦੇ ਕਸਬਾ ਖਰੜ ਦਾ ਰਹਿਣ ਵਾਲਾ ਹੈ | ਮ੍ਰਿਤਕ ਦੀ ਲਾਸ਼ ਖਰੜ ਸਥਿਤ ਉਸ ਦੇ ਘਰ ਪਹੁੰਚ ਚੁੱਕੀ ਹੈ ,ਜਿਸਨੂੰ ਦੇਖ ਕੇ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੋ ਗਿਆ ਹੈ | ਤਰਨਦੀਪ ਪਰਿਵਾਰ ਵਿੱਚ ਕਮਾਉਣ ਵਾਲਾ ਇਕਲੌਤਾ ਵਿਅਕਤੀ ਸੀ।
2 ਸਾਲ ਪਹਿਲਾਂ ਹੀ ਗਿਆ ਸੀ ਅਮਰੀਕਾ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਰਨਦੀਪ ਸਿੰਘ ਕਰੀਬ 2 ਸਾਲ ਪਹਿਲਾਂ ਹੀ ਸਟੱਡੀ ਵੀਜ਼ੇ ‘ਤੇ ਅਮਰੀਕਾ ਗਿਆ ਸੀ। ਉਹ ਉੱਥੇ ਆਪਣੇ ਮਾਮਾ ਕੋਲ ਰਹਿ ਰਿਹਾ ਸੀ। ਉਹ ਅਮਰੀਕਾ ਵਿੱਚ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਕੰਮ ਵੀ ਕਰ ਰਿਹਾ ਸੀ। ਬੀਤੇ 24 ਅਪ੍ਰੈਲ ਨੂੰ ਤਰਨਦੀਪ ਸਿੰਘ ਅਮਰੀਕਾ ਸਥਿਤ ਆਪਣੇ ਘਰ ਪਰਤਿਆ ਤਾਂ ਅਚਾਨਕ ਉਸ ਨੂੰ ਹਾਰਟ ਅਟੈਕ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਕੁਝ ਮਹੀਨਿਆਂ ਬਾਅਦ ਆਉਣਾ ਸੀ ਘਰ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਨੇ ਕੁਝ ਮਹੀਨਿਆਂ ਬਾਅਦ ਘਰ ਪਰਤਣਾ ਸੀ। ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਲਾਸ਼ ਘਰ ਪਹੁੰਚ ਗਈ। ਇਸ ਕਾਰਨ ਪੂਰੇ ਘਰ ਵਿੱਚ ਸੋਗ ਦਾ ਮਾਹੌਲ ਹੈ। ਉਸ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹੈ। ਉਸ ਦੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤਰ ਨਹੀਂ ਰਿਹਾ। ਪਰਿਵਾਰ ਵਿੱਚ ਉਸਦੀ ਇੱਕ ਭੈਣ ਹੈ, ਜੋ ਕਿ ਕੁਝ ਸਮੇਂ ਪਹਿਲਾਂ ਹੀ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਹੈ।









