ਅਮਰਨਾਥ ਗੁਫਾ ਨੇੜੇ ਬੱਦਲ ਫਟਣ ਕਾਰਨ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। 45 ਲੋਕ ਅਜੇ ਵੀ ਲਾਪਤਾ ਹਨ। ਫੌਜ ਵਲੋਂ ਬਚਾਅ ਕਾਰਜ ਜਾਰੀ ਹੈ। ਇਸ ਦੌਰਾਨ ਪਹਾੜੀ ਬਚਾਅ ਦਲ ਨੇ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਥਿਤੀ ਦੇ ਮੱਦੇਨਜ਼ਰ ਅਮਰਨਾਥ ਯਾਤਰਾ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਪਵਿੱਤਰ ਗੁਫਾ ਦੇ ਨੇੜੇ ਬਚਾਅ ਅਤੇ ਰੂਟ ਦੀ ਮੁਰੰਮਤ ਦਾ ਕੰਮ ਪੂਰਾ ਹੋਣ ਤੋਂ ਬਾਅਦ ਹੀ ਯਾਤਰਾ ਸ਼ੁਰੂ ਹੋ ਸਕਦੀ ਹੈ।
ਜਾਣਕਾਰੀ ਮੁਤਾਬਕ ਪ੍ਰਸ਼ਾਸਨ ਨੇ ਸ਼ੁੱਕਰਵਾਰ ਰਾਤ ਨੂੰ ਹੀ ਯਾਤਰਾ ਮੁਲਤਵੀ ਕਰ ਦਿੱਤੀ ਸੀ। ਪਹਿਲਗਾਮ ਅਤੇ ਬਾਲਟਾਲ ਦੇ ਬੇਸ ਕੈਂਪਾਂ ਤੋਂ ਅੱਗੇ ਕਿਸੇ ਵੀ ਯਾਤਰੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਸ਼ਨੀਵਾਰ ਸਵੇਰੇ ਬੇਸ ਕੈਂਪ ਦੇ ਬਾਹਰ ਯਾਤਰੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਯਾਤਰਾ ਕਦੋਂ ਸ਼ੁਰੂ ਹੋਵੇਗੀ ਪਰ ਪ੍ਰਸ਼ਾਸਨ ਤੋਂ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ।
ਦੱਸ ਦਈਏ ਕਿ ਸ਼ੁੱਕਰਵਾਰ ਸ਼ਾਮ 5.30 ਵਜੇ ਅਮਰਨਾਥ ਗੁਫਾ ਦੇ ਨੇੜੇ ਬੱਦਲ ਫਟ ਗਿਆ। ਜਿਸ ਸਮੇਂ ਬੱਦਲ ਫਟਿਆ, ਉਸ ਸਮੇਂ ਗੁਫਾ ਦੇ ਨੇੜੇ 10 ਤੋਂ 15 ਹਜ਼ਾਰ ਸ਼ਰਧਾਲੂ ਮੌਜੂਦ ਸਨ। ਇਸ ਘਟਨਾ ਵਿੱਚ ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਆਈਟੀਬੀਪੀ ਨੇ ਕਿਹਾ ਕਿ ਪਵਿੱਤਰ ਗੁਫਾ ਦੇ ਨੇੜੇ ਤੋਂ 15,000 ਲੋਕਾਂ ਨੂੰ ਸੁਰੱਖਿਅਤ ਰੂਪ ਨਾਲ ਪੰਚਤਰਨੀ ਪਹੁੰਚਾਇਆ ਗਿਆ ਹੈ। ਇਸਦੇ ਨਾਲ ਹੀ ਅਜੇ ਵੀ ਬਚਾਅ ਕਾਰਜ ਜਾਰੀ ਹੈ।