ਦੇਸ਼ ‘ਚ ਪੈਕਡ ਤੇ ਲੇਬਲ ਵਾਲੇ ਖੁਰਾਕ ਪਦਾਰਥਾਂ ‘ਚ ਅਨਾਜ ਵੀ GST ਦੇ ਘੇਰੇ ਵਿੱਚ ਸ਼ਾਮਿਲ ਹੋ ਗਿਆ ਹੈ। ਪੈਕਡ ਤੇ ਲੇਬਲ ਵਾਲੇ ਖੁਰਾਕ ਪਦਾਰਥ ਜਿਵੇਂ ਆਟਾ, ਦਾਲਾਂ ਤੇ ਅਨਾਜ ਅੱਜ ਤੋਂ ਜੀਐੱਸਟੀ ਦੇ ਘੇਰੇ ਵਿੱਚ ਆ ਗਏ ਹਨ। ਇਨ੍ਹਾਂ ਦੇ 25 ਕਿਲੋ ਤੋਂ ਘੱਟ ਵਜ਼ਨ ਦੇ ਪੈਕੇਟ ’ਤੇ ਪੰਜ ਫੀਸਦ ਜੀਐੱਸਟੀ ਲਾਗੂ ਹੋ ਗਿਆ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਅਨਾਜ ਤੋਂ ਲੈ ਕੇ ਦਾਲਾਂ ਅਤੇ ਦਹੀਂ ਤੋਂ ਲੈ ਕੇ ਲੱਸੀ ਤੱਕ ਖੁਰਾਕ ਪਦਾਰਥਾਂ ’ਤੇ ਜੀਐੱਸਟੀ ਲਾਏ ਜਾਣ ਨਾਲ ਸਬੰਧਤ ਵਾਰ-ਵਾਰ ਪੁੱਛੇ ਜਾਣ ਵਾਲੇ ਸਵਾਲਾਂ ’ਤੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਇਸ ’ਚ ਕਿਹਾ ਗਿਆ ਹੈ, ‘ਜੀਐੱਸਟੀ ਉਨ੍ਹਾਂ ਉਤਪਾਦਾਂ ’ਤੇ ਲੱਗੇਗਾ ਜਿਨ੍ਹਾਂ ਦੀ ਸਪਲਾਈ ਪੈਕੇਟ ਬੰਦ ਸਮੱਗਰੀ ਵਜੋਂ ਕੀਤੀ ਜਾ ਰਹੀ ਹੈ। ਹਾਲਾਂਕਿ ਪੈਕੇਟ ਬੰਦ ਸਾਮਾਨ ਦਾ ਵਜ਼ਨ 25 ਕਿਲੋ ਤੋਂ ਘੱਟ ਹੋਣਾ ਚਾਹੀਦਾ ਹੈ।
ਦਹੀਂ ਤੇ ਲੱਸੀ ਵਰਗੇ ਪਦਾਰਥਾਂ ਲਈ ਇਹ ਹੱਦ 25 ਲਿਟਰ ਹੈ।’ ਮੰਤਰਾਲੇ ਨੇ ਕਿਹਾ, ‘18 ਜੁਲਾਈ 2022 ਤੋਂ ਫ਼ੈਸਲਾ ਲਾਗੂ ਹੋ ਗਿਆ ਹੈ ਅਤੇ ਪਹਿਲਾਂ ਤੋਂ ਪੈਕਡ ਤੇ ਲੇਬਲ ਵਾਲੇ ਉਤਪਾਦਾਂ ’ਤੇ ਜੀਐੱਸਟੀ ਲੱਗੇਗਾ।’ ਮਿਸਾਲ ਦੇ ਤੌਰ ’ਤੇ ਚੌਲ, ਕਣਕ ਵਰਗੇ ਅਨਾਜ, ਦਾਲਾਂ ਤੇ ਆਟੇ ’ਤੇ ਪਹਿਲਾਂ ਪੰਜ ਫੀਸਦ ਜੀਐੱਸਟੀ ਉਸ ਸਮੇਂ ਲੱਗਦਾ ਸੀ ਜਦੋਂ ਇਹ ਕਿਸੇ ਬਰਾਂਡ ਦੇ ਹੁੰਦੇ ਸਨ। ਹੁਣ 18 ਜੁਲਾਈ ਤੋਂ ਜੋ ਸਾਮਾਨ ਪੈਕੇਟ ਬੰਦ ਹੈ ਤੇ ਜਿਸ ’ਤੇ ਲੇਬਲ ਲੱਗਾ ਹੈ, ਉਸ ’ਤੇ ਜੀਐੱਸਟੀ ਲੱਗੇਗਾ। ਇਸ ਤੋਂ ਇਲਾਵਾ ਦਹੀਂ, ਲੱਸੀ ਵਰਗੀਆਂ ਵਸਤਾਂ ਜੇਕਰ ਪਹਿਲਾਂ ਤੋਂ ਪੈਕਡ ਜਾਂ ਲੇਬਲ ਵਾਲੀਆਂ ਹੋਣਗੀਆਂ ਤਾਂ ਇਨ੍ਹਾਂ ’ਤੇ ਪੰਜ ਫੀਸਦ ਦੀ ਦਰ ਨਾਲ ਜੀਐੱਸਟੀ ਲੱਗੇਗਾ। ਮੰਤਰਾਲੇ ਨੇ ਕਿਹਾ ਕਿ ਪੰਜ ਫੀਸਦ ਜੀਐੱਸਟੀ ਪਹਿਲਾਂ ਤੋਂ ਪੈਕਡ ਉਨ੍ਹਾਂ ਵਸਤਾਂ ’ਤੇ ਲੱਗੇਗਾ ਜਿਨ੍ਹਾਂ ਦਾ ਵਜ਼ਨ 25 ਕਿਲੋ ਜਾਂ ਇਸ ਤੋਂ ਘੱਟ ਹੈ। ਜੇਕਰ ਪ੍ਰਚੂਨ ਵਪਾਰੀ 25 ਕਿਲੋ ਦੇ ਪੈਕੇਟ ਦਾ ਸਾਮਾਨ ਲਿਆ ਕੇ ਉਸ ਨੂੰ ਖੁੱਲ੍ਹਾ ਵੇਚਦਾ ਹੈ ਤਾਂ ਉਸ ’ਤੇ ਜੀਐੱਸਟੀ ਨਹੀਂ ਲੱਗੇਗਾ।