ਅਧਿਆਪਕ ਭਰਤੀ ਘੁਟਾਲੇ ਦੇ ਮਾਮਲੇ ਵਿੱਚ ਈਡੀ ਵੱਲੋਂ ਪੱਛਮੀ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਦੇ ਇਕ ਕਰੀਬੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ 20 ਕਰੋੜ ਰੁਪਏ ਦੀ ਨਗਦੀ ਜ਼ਬਤ ਕੀਤੀ ਗਈ ਹੈ। ਈਡੀ ਨੇ ਇਕ ਬਿਆਨ ਵਿੱਚ ਕਿਹਾ ਕਿ ਇਸ ਪੈਸੇ ਦੇ ਐਸਐਸਸੀ ਘੁਟਾਲੇ ਨਾਲ ਜੁੜੇ ਹੋਣ ਦਾ ਸ਼ੱਕ ਹੈ। ਨੋਟ ਗਿਨਣ ਵਾਲੀ ਮਸ਼ੀਨ ਨਾਲ ਨਗਦੀ ਦੀ ਗਿਣਤੀ ਲਈ ਜਾਂਚ ਟੀਮ ਬੈਂਕ ਅਧਿਕਾਰੀਆਂ ਦੀ ਮਦਦ ਲੈ ਰਹੀ ਹੈ।
ਈਡੀ ਨੇ ਕਿਹਾ ਕਿ ਅਰਪਿਤਾ ਮੁਖਰਜੀ ਦੇ ਟਿਕਾਣਿਆਂ ਤੋਂ 20 ਤੋਂ ਜ਼ਿਅਦਾ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੇ ਉਦੇਸ਼ ਤੇ ਵਰਤੋਂ ਦਾ ਪਤਾ ਲਗਾਇਆ ਜਾ ਰਿਹਾ ਹੈ। ਬਿਆਨ ਵਿੱਚ ਈਡੀ ਨੇ ਚੈਟਰਜੀ ਤੋਂ ਇਲਾਵਾ ਸਿੱਖਿਆ ਰਾਜ ਮੰਤਰੀ ਪਰੇਸ਼ ਸੀ ਅਧਿਕਾਰੀ, ਵਿਧਾਇਕ ਮਾਣਿਕ ਭੱਟਾਚਾਰੀਆ ਅਤੇ ਹੋਰਨਾਂ ਦੇ ਟਿਕਾਣਿਆਂ ਉਤੇ ਛਾਪੇ ਮਾਰੇ ਹਨ।
ਸਕੂਲਾਂ ਵਿੱਚ ਭਰਤੀ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲੇ ਵਿੱਚ ਮੌਜੂਦਾ ਸਮੇਂ ਵਿੱਚ ਉਦਯੋਗ ਅਤੇ ਵਣਜ ਮੰਤਰੀ ਪਾਰਥਾ ਚੈਟਰਜੀ ਰਾਜ ਸਰਕਾਰ ਵਿੱਚ ਉਸ ਸਮੇਂ ਸਿੱਖਿਆ ਮੰਤਰੀ ਸਨ।