ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਜੁੜੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਮਨ ਅਰੋੜਾ ਨੂੰ ਅਧਾਲਤ ਵਲੋਂ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਹੁਣ ਤੱਕ ਇਹ ਚਰਚਾਵਾਂ ਹੋ ਰਹੀਆਂ ਸਨ ਕਿ ਕੈਬਨਿਟ ਮੰਤਰੀ ਅਮਨ ਅਰੋੜਾ 26 ਜਨਵਰੀ ਨੂੰ ਝੰਡਾ ਲਹਿਰਾਉਣਗੇ ਜਾਂ ਨਹੀਂ ਹੁਣ ਇਨ੍ਹਾਂ ਚਰਚਾਵਾਂ ‘ਤੇ ਵਿਰਾਮ ਲੱਗ ਗਿਆ ਹੈ।
ਜਾਣਕਾਰੀ ਅਨੁਸਾਰ ਅਮਨ ਅਰੋੜਾ ਨਾਲ ਜੁੜੇ ਕੇਸ ਦੀ ਅੱਜ ਸੰਗਰੂਰ ਅਦਾਲਤ ‘ਚ ਸੁਣਵਾਈ ਹੋਈ। ਸੰਗਰੂਰ ਕੋਰਟ ‘ਚ ਅੱਜ ਹੋਈ ਸੁਣਵਾਈ ਦੌਰਾਨ ਉਨ੍ਹਾਂ ਨੂੰ ਸੁਨਾਮ ਦੀ ਅਦਾਲਤ ਵੱਲੋਂ ਸੁਣਾਈ ਗਈ ਦੋ ਸਾਲ ਦੀ ਸਜ਼ਾ ‘ਤੇ 31 ਜਨਵਰੀ ਤਕ ਕਨਵਿਕੇਸ਼ਨ ਸਟੇਅ ਦਿੱਤੀ ਗਈ ਹੈ। ਜਿਸ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੱਡੀ ਰਾਹਤ ਮਿਲੀ ਹੈ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ 9 ਵਿਅਕਤੀਆਂ ਨੂੰ 21 ਦਸੰਬਰ ਨੂੰ ਸੁਨਾਮ ਦੀ ਅਦਾਲਤ ਨੇ ਦੋ-ਦੋ ਸਾਲ ਦੀ ਸਜ਼ਾ ਸੁਣਾਈ ਸੀ। ਇਸ ਮਗਰੋਂ ਅਮਨ ਅਰੋੜਾ ਨੇ ਸਜ਼ਾ ਖ਼ਿਲਾਫ਼ ਜ਼ਿਲ੍ਹਾ ਸੈਸ਼ਨ ਅਦਾਲਤ ਸੰਗਰੂਰ ਦਾ ਰੁਖ਼ ਕੀਤਾ ਸੀ।
ਜਾਣਕਾਰੀ ਅਨੁਸਾਰ ਪੰਜਾਬ-ਹਰਿਆਣਾ ਹਾਈਕੋਰਟ ਨੇ ਅਮਨ ਅਰੋੜਾ ਨੂੰ 21 ਦਸੰਬਰ 2023 ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਵਿਧਾਇਕ ਵਜੋਂ ਅਯੋਗ ਕਰਾਰ ਦਿੰਦਿਆਂ ਅੰਮ੍ਰਿਤਸਰ ‘ਚ ਝੰਡਾ ਲਹਿਰਾਉਣ ਤੋਂ ਰੋਕਣ ਦੀਆਂ ਹਦਾਇਤਾਂ ਜਾਰੀ ਕਰਨ ਦੀ ਮੰਗ ’ਤੇ ਸੁਣਵਾਈ 25 ਜਨਵਰੀ ਨੂੰ ਮੁਕੱਰਰ ਕੀਤੀ ਸੀ।
ਅੱਜ ਅਮਨ ਅਰੋੜਾ ਦੇ ਵਕੀਲ ਸਰਤੇਜ ਨਰੂਲਾ ਨੇ ਹਾਈਕੋਰਟ ਨੂੰ ਭਰੋਸਾ ਦਿੱਤਾ ਕਿ ਜੇਕਰ ਸੰਗਰੂਰ ਸੈਸ਼ਨ ਕੋਰਟ ਅੱਜ ਅਮਨ ਅਰੋੜਾ ਦੀ ਸਜ਼ਾ ‘ਤੇ ਰੋਕ ਨਹੀਂ ਲਗਾਉਂਦੀ ਤਾਂ ਉਹ ਭਲਕੇ ਗਣਤੰਤਰ ਦਿਵਸ ‘ਤੇ ਤਿਰੰਗਾ ਨਹੀਂ ਲਹਿਰਾਉਣਗੇ। ਇਸ ਭਰੋਸੇ ‘ਤੇ ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।