ਨਵੀਂ ਦਿੱਲੀ: ਸੰਸਦ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਰਕਾਰ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ਅੱਜ ਇੱਥੇ ਸ਼ੁਰੂ ਹੋਈ, ਜਿਸ ਵਿੱਚ ਵੱਖ-ਵੱਖ ਰਾਜਨੀਤਿਕ ਖੇਤਰ ਦੇ ਨੇਤਾਵਾਂ ਨੇ ਸ਼ਿਰਕਤ ਕੀਤੀ। ਸਰਕਾਰ ਦੀ ਨੁਮਾਇੰਦਗੀ ਸੀਨੀਅਰ ਕੇਂਦਰੀ ਮੰਤਰੀ ਰਾਜਨਾਥ ਸਿੰਘ, ਲੋਕ ਸਭਾ ਦੇ ਉਪ ਨੇਤਾ, ਉਨ੍ਹਾਂ ਦੇ ਕੈਬਨਿਟ ਸਹਿਯੋਗੀ ਅਤੇ ਰਾਜ ਸਭਾ ਵਿੱਚ ਭਾਜਪਾ ਦੇ ਨੇਤਾ ਪੀਯੂਸ਼ ਗੋਇਲ ਅਤੇ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਕਰ ਰਹੇ ਹਨ।
ਮੀਟਿੰਗ ਵਿੱਚ ਕਾਂਗਰਸ ਦੇ ਮਲਿਕਾਰਜੁਨ ਖੜਗੇ, ਅਧੀਰ ਰੰਜਨ ਚੌਧਰੀ ਅਤੇ ਜੈਰਾਮ ਰਮੇਸ਼, ਡੀਐੱਮਕੇ ਦੇ ਟੀਆਰ ਬਾਲੂ ਅਤੇ ਤਿਰੂਚੀ ਸ਼ਿਵਾ, ਟੀਐੱਮਸੀ ਦੇ ਸੁਦੀਪ ਬੰਦੋਪਾਧਿਆਏ ਅਤੇ ਐੱਨਸੀਪੀ ਦੇ ਸ਼ਰਦ ਪਵਾਰ ਸਮੇਤ ਲਗਪਗ ਸਾਰੀਆਂ ਪਾਰਟੀਆਂ ਦੇ ਨੇਤਾ ਮੌਜੂਦ ਸਨ। ਬੈਠਕ ਵਿੱਚ ਬੀਜੇਡੀ ਦੇ ਪਿਨਾਕੀ ਮਿਸ਼ਰਾ, ਵਾਈਐੱਸਆਰਸੀਪੀ ਦੇ ਵਿਜੈਸਾਈ ਰੈੱਡੀ ਅਤੇ ਮਿਧੁਨ ਰੈੱਡੀ, ਟੀਆਰਐੱਸ ਦੇ ਕੇਸ਼ਵ ਰਾਓ ਅਤੇ ਨਮਾ ਨਾਗੇਸ਼ਵਰ ਰਾਓ, ਆਰਜੇਡੀ ਦੇ ਏਡੀ ਸਿੰਘ ਅਤੇ ਸ਼ਿਵ ਸੈਨਾ ਦੇ ਸੰਜੇ ਰਾਉਤ ਵੀ ਮੌਜੂਦ ਸਨ। ਮੁੱਦਿਆਂ ‘ਤੇ ਵਿਚਾਰ ਕਰਨ ਅਤੇ ਸਹਿਮਤੀ ਬਣਾਉਣ ਲਈ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਸਰਕਾਰ ਦੀ ਰਵਾਇਤ ਰਹੀ ਹੈ।