ਮੀਂਹ ਕਾਰਨ ਕਿਸਾਨਾਂ ਦੀ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਹਲਕਾ ਬੱਲੂਆਣਾ ਦੇ ਪਿੰਡਾਂ ਵਿਚ ਬਣੇ ਹੜ੍ਹਾਂ ਵਰਗੇ ਹਾਲਾਤ ਕਾਰਨ ਖ਼ਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਗੱਦਾ ਡੋਬ ,ਬੱਲੂਆਣਾ ਅਤੇ ਲਾਗਲੇ ਪਿੰਡਾਂ ਦਾ ਦੌਰਾ ਕੀਤਾ। ਦੱਸ ਦਈਏ ਕਿ ਅਬੋਹਰ ਬੱਲੂਆਣਾ ਹਲਕੇ ਦੇ ਪਿੰਡ ਗੱਦਾ ਡੋਬ ਵਿੱਚ ਕਿਸਾਨ ਨਰੰਜਣ ਸਿੰਘ ਨੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਸੁਖਬੀਰ ਬਾਦਲ ਅੱਜ ਨਿਰੰਜਣ ਸਿੰਘ ਦੇ ਘਰ ਦੁੱਖ ਸਾਂਝਾ ਪਹੁੰਚੇ ਸਨ।
ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਨੁਕਸਾਨ ਦਾ ਜਾਇਜ਼ਾ ਵੀ ਲਿਆ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਲੰਬੀ ਵਾਸੀਆਂ ਨਾਲ ਕੱਲ੍ਹ ਕੀਤੇ ਵਾਅਦੇ ਦੀ ਪੂਰਤੀ ਕਰਦਿਆਂ ਪਿੰਡ ਲਾਲਬਾਈ ਤੋਂ ਪਾਣੀ ਦੀ ਨਿਕਾਸੀ ਵਾਸਤੇ ਪੰਪ ਅਤੇ ਪਾਈਪਾਂ ਆਦਿ ਦੇਣ ਦੀ ਸ਼ੁਰੂਆਤ ਕੀਤੀ ਹੈ।
ਅੱਜ ਬੱਲੂਆਣਾ ਤੇ ਅਬੋਹਰ ਹਲਕੇ ਦੇ ਪਿੰਡਾਂ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਜਾਣਨ ਲਈ ਉੱਥੇ ਪਹੁੰਚੇ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੱਲ੍ਹ ਮੀਂਹ ਕਾਰਨ ਖ਼ਰਾਬ ਹੋਈਆਂ ਫਸਲਾਂ (Damage Crops) ਦਾ ਜਾਇਜ਼ਾ ਲੈਣ ਲਈ ਲੰਬੀ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਸੀ।
ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਪੰਜਾਬ ਸਰਕਾਰ ਕੋਲ ਹੜ੍ਹ ਨਾਲ ਪ੍ਰਭਾਵਤ ਫਸਲਾਂ ਦੇ ਮੁਆਵਜ਼ੇ ਲਈ ਆਵਾਜ਼ ਚੁੱਕਣਗੇ। ਇਸ ਦੌਰਾਨ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਆਪਣੇ ਕੋਲੋਂ ਪਾਣੀ ਦੀ ਨਿਕਾਸੀ ਵਾਸਤੇ ਪੰਪ ਅਤੇ ਪਾਈਪਾਂ ਆਦਿ ਦੇਣਗੇ।









