ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ‘ਜਾਂਦੀ ਵਾਰ’ ਗੀਤ ਰਿਲੀਜ਼ ਕਰਨ ’ਤੇ ਇਤਰਾਜ਼, ਕਾਨੂੰਨੀ ਕਾਰਵਾਈ ਦੀ ਦਿੱਤੀ ਚਿਤਾਵਨੀ

0
278

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗਾਇਕਾ ਅਫ਼ਸਾਨਾ ਖ਼ਾਨ ਨਾਲ ਗਾਏ ਅਤੇ ਸੰਗੀਤਕਾਰ ਸਲੀਮ ਮਰਚੈਂਟ ਨਾਲ ਰਿਕਾਰਡ ਕੀਤੇ ਗੀਤ ‘ਜਾਂਦੀ ਵਾਰ’ ਨੂੰ ਰਿਲੀਜ਼ ਕਰਨ ਉਤੇ ਪਰਿਵਾਰ ਨੇ ਇਤਰਾਜ਼ ਜਤਾਇਆ ਹੈ। ਇਹ ਗੀਤ 2 ਸਤੰਬਰ ਨੂੰ ਰਿਲੀਜ਼ ਕਰਨ ਦੀ ਗੱਲ ਸਲੀਮ ਮਰਚੈਟ ਵਲੋਂ ਕੱਲ੍ਹ ਕਹੀ ਗਈ ਸੀ। ਸਿੱਧੂ ਮੂਸੇਵਾਲਾ ‌ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਤਾਏ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਗੀਤ ਰਿਲੀਜ਼ ਕਰਨ ਸਬੰਧੀ ਉਨ੍ਹਾਂ ਤੋਂ ਕੋਈ ਆਗਿਆ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜੇ ਲੋੜ ਪਈ ਤਾਂ ਕਾਨੂੰਨ ਦਾ ਸਹਾਰਾ ਵੀ ਲੈ ਸਕਦੇ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਬੰਟੀ ਬੈਂਸ ਵੀ ਸੋਸ਼ਲ ਮੀਡੀਆ `ਤੇ ਆਪਣਾ ਇਤਰਾਜ਼ ਦਰਜ ਕਰਵਾ ਚੁੱਕੇ ਹਨ। ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਸਲੀਮ ਮਰਚੈਂਟ ਨੇ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦਾ `ਜਾਂਦੀ ਵਾਰ` ਗੀਤ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ। ਇਹ ਗੀਤ ਸਾਲ 2021 `ਚ ਰਿਕਾਰਡ ਕੀਤਾ ਗਿਆ ਸੀ। ਇਸ ਗੀਤ ਨੂੰ ਲੈਕੇ ਵਿਵਾਦ ਖੜਾ ਹੋ ਗਿਆ ਹੈ। ਪੰਜਾਬੀ ਇੰਡਸਟਰੀ ਇਸ ਗੱਲ `ਤੇ ਸਵਾਲ ਚੁੱਕ ਰਹੀ ਹੈ ਕਿ ਮਰਚੈਂਟ ਨੇ ਇਸ ਗੀਤ ਨੂੰ ਮੂਸੇਵਾਲਾ ਦੇ ਪਰਿਵਾਰ ਨੂੰ ਕਿਉਂ ਨਹੀਂ ਸੌਂਪਿਆ, ਜਦਕਿ ਮੂਸੇਵਾਲਾ ਦੇ ਪਰਿਵਾਰ ਨੇ ਉਨ੍ਹਾਂ ਤੋਂ ਬਾਰ ਬਾਰ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਹਾਮੀ ਭਰਨ ਤੋਂ ਬਿਨਾਂ ਮੂਸੇਵਾਲਾ ਦਾ ਕੋਈ ਗੀਤ ਰਿਲੀਜ਼ ਨਹੀਂ ਕੀਤਾ ਜਾਵੇਗਾ।

ਸੰਗੀਤਕਾਰ ਬੰਟੀ ਬੈਂਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਹੈ ਤੇ ਸਲੀਮ ਮਰਚੈਂਟ ਦੇ ਨਾਂ ਮੈਸੇਜ ਛੱਡਿਆ ਹੈ। ਜਿਸ ਵਿੱਚ ਬੈਂਸ ਨੇ ਕਿਹਾ ਕਿ, “ਸਲੀਮ ਸਰ, ਅਸੀਂ ਸਾਰੇ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਪਰ ਇਸ ਰਿਲੀਜ਼ ਨੂੰ ਅਜੇ ਤੱਕ ‘ਸਿੱਧੂ ਮੂਸੇਵਾਲਾ’ ਦੇ ਪਰਿਵਾਰ ਦੁਆਰਾ ਅਧਿਕਾਰਤ ਨਹੀਂ ਕੀਤਾ ਗਿਆ ਹੈ। ਅਸੀਂ ਤੁਹਾਨੂੰ ਕਈ ਵਾਰ ਬੇਨਤੀ ਕੀਤੀ ਹੈ, ਜਦੋਂ ਤੁਸੀਂ ਸ਼ੁਭ ਵੀਰ ਦੇ ਦੇਹਾਂਤ ਤੋਂ ਸਿਰਫ 3-4 ਦਿਨਾਂ ਬਾਅਦ ਗੀਤ ਰਿਲੀਜ਼ ਕਰਨਾ ਚਾਹੁੰਦੇ ਸੀ ਤੇ ਉਸ ਸਮੇਂ ਵੀ ਸ਼ੁਭ ਵੀਰ ਦੇ ਪਿਤਾ ਸਾਬ ਨੇ ਤੁਹਾਨੂੰ ਕਿਸੇ ਵੀ ਰਿਲੀਜ਼ ਨੂੰ ਰੋਕਣ ਲਈ ਇੱਕ ਵੌਇਸ ਨੋਟ ਭੇਜਿਆ ਸੀ।

ਪਰਿਵਾਰ ਪਹਿਲਾਂ ਕੁਝ ਸਮਾਂ ਲੈ ਰਿਹਾ ਹੈ ਤੇ ਫਿਰ ਤੁਹਾਡੇ ਨਾਲ ਪ੍ਰੋਜੈਕਟ ਦੇ ਪੂਰੇ ਵੇਰਵਿਆਂ ‘ਤੇ ਚਰਚਾ ਕਰਨਗੇ ਤੇ ਭਵਿੱਖ ਦੀ ਯੋਜਨਾ ਤੈਅ ਕਰਨਗੇ। ਅਸੀਂ ਤੁਹਾਡੇ ਵਰਗੇ ਜਾਣੇ-ਪਛਾਣੇ ਕਲਾਕਾਰ ਤੇ ਪੇਸ਼ੇਵਰ ਤੋਂ ਸਮਰਥਨ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਾਂ ਤੇ ਇਸ ਤੋਂ ਬਿਨਾਂ ਕੋਈ ਵੀ ਗੀਤ ਪਰਿਵਾਰ ਦੀ ਪੁਸ਼ਟੀ ਤੇ ਪ੍ਰਵਾਨਗੀ ਤੋਂ ਬਿਨ੍ਹਾ ਪੇਸ਼ ਨਾ ਕੀਤਾ ਜਾਵੇ।  ਸਿੱਧੂ ਦੇ ਮਾਤਾ-ਪਿਤਾ ਨੂੰ ਜਲਦੀ ਹੀ ਤੁਹਾਨੂੰ ਮਿਲ ਕੇ ਤੇ ਵਿਅਕਤੀਗਤ ਤੌਰ ‘ਤੇ ਇਸ ਪ੍ਰੋਜੈਕਟ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਬਹੁਤ ਖੁਸ਼ੀ ਹੋਵੇਗੀ।” ਫਿਲਹਾਲ ਉਨ੍ਹਾਂ ਦਾ ਪਰਿਵਾਰ ਨਿਆਂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਉਨ੍ਹਾਂ ਦੀ ਤਰਜੀਹ ਦੇ ਰਿਹਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਸਮਝੋਗੇ ਤੇ ਅਜਿਹੇ ਸਮੇਂ ਵਿੱਚ ਸਾਡਾ ਸਮਰਥਨ ਕਰੋਗੇ।”

LEAVE A REPLY

Please enter your comment!
Please enter your name here