ਲੁਧਿਆਣਾ ਤੋਂ ਰਾਏਬਰੇਲੀ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਬੱਸ ‘ਚ ਸਵਾਰ 6 ਯਾਤਰੀਆਂ ਦੀ ਮੌਤ ਹੋ ਗਈ ਹੈ। ਜਦਕਿ ਕਈ ਯਾਤਰੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਰਾਏਬਰੇਲੀ ਜਾ ਰਹੀ ਸਲੀਪਰ ਬੱਸ ਸ਼ਿਕੋਹਾਬਾਦ ਦੇ ਨਗਲਾ ਖੰਗਾਰ ਵਿਖੇ 61 ਮਾਇਲ ਸਟੋਨ ਨੇੜੇ ਅੱਗੇ ਜਾ ਰਹੀ ਡੀਸੀਐਮ ਨਾਲ ਜਾ ਟਕਰਾਈ। ਸਲੀਪਰ ਬੱਸ ਵਿੱਚ ਸਵਾਰ ਛੇ ਯਾਤਰੀਆਂ ਦੀ ਮੌਤ ਹੋ ਗਈ ਹੈ। ਜਦਕਿ ਇੱਕ ਦਰਜਨ ਲੋਕ ਜ਼ਖਮੀ ਹੋਏ ਹਨ। ਨੌਂ ਜ਼ਖਮੀਆਂ ਨੂੰ ਸ਼ਿਕੋਹਾਬਾਦ ਹਸਪਤਾਲ ਭੇਜਿਆ ਗਿਆ ਹੈ, ਜਦਕਿ ਬਾਕੀਆਂ ਨੂੰ ਸੈਫਈ ਭੇਜ ਦਿੱਤਾ ਗਿਆ ਹੈ। ਮ੍ਰਿਤਕਾਂ ਵਿੱਚ ਇੱਕ ਬੱਚਾ, ਇੱਕ ਔਰਤ ਅਤੇ ਚਾਰ ਪੁਰਸ਼ ਸ਼ਾਮਲ ਹਨ।