ਗੁਰਦਾਸਪੁਰ ਵਿਚ ਪੁਲਿਸ ਨੇ ਇਕ ਮਹਿਲਾ ਸਣੇ 6 ਲੋਕਾਂ ਨੂੰ ਨਾਜਾਇਜ਼ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ‘ਤੇ ਪਹਿਲਾਂ ਤੋਂ ਹੀ ਕਈ ਮਾਮਲੇ ਦਰਜ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 9 ਪਿਸਤੌਲਾਂ, 10 ਮੈਗਜ਼ੀਨ ਤੇ 35 ਕਾਰਤੂਸ ਬਰਾਮਦ ਕੀਤੇ।
ਜਾਣਕਾਰੀ ਮੁਤਾਬਕ ਸਰਹੱਦੀ ਕਸਬੇ ਦੀਨਾਨਗਰ ਕੋਲ ਇਕ ਹਾਈਟੈੱਕ ਨਾਕਾ ਲਗਾਇਆ ਗਿਆ ਸੀ। ਇਸ ‘ਤੇ ਪੁਲਿਸ ਨੇ ਇਕ ਗੱਡੀ ਨੂੰ ਚੈਕਿੰਗ ਲਈ ਰੋਕਿਆ। ਗੱਡੀ ਵਿਚ ਕਮਲਜੀਤ ਸਿੰਘ, ਰੁਪਿੰਦਰ ਸਿੰਘ ਤੇ ਮਹਿਲਾ ਪੇਮਾ ਡੋਮਾ ਸਵਾਰ ਸੀ। ਇਹ ਲੋਕ ਪੇਮਾ ਡੋਮਾ ਦਾ ਜਨਮਦਿਨ ਮਨਾ ਕੇ ਵਾਪਸ ਪਰਤ ਰਹੇ ਸਨ। ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਦੋ ਪਿਸਤੌਲਾਂ, ਦੋ ਕਾਰਤੂਸ, ਡੇਢ ਗ੍ਰਾਮ ਹੈਰੋਇਨ ਤੇ 15000 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।
ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਪਿਸਤੌਲ ਬਟਾਲਾ ਵਾਸੀ ਮਨੀ ਸਿੰਘ ਉਰਫ ਮਾਊ ਦੀ ਮਦਦ ਨਾਲ ਮਹਾਰਾਸ਼ਟਰ ਦੇ ਕਿਸੇ ਵਿਅਕਤੀ ਤੋਂ ਖਰੀਦੇ ਸਨ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਊ ਤੇ ਉਸ ਦੇ ਦੋ ਸਾਥੀਆਂ ਮਹਿਤਾਬ ਸਿੰਘ ਤੇ ਬਲਰਾਜ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕੋਲੋਂ 7 ਪਿਸਤੌਲਾਂ, 10 ਮੈਗਜ਼ੀਨ ਤੇ 33 ਕਾਰਤੂਸ ਬਰਾਮਦ ਕੀਤੇ।