ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸਕੂਲਾਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਸਰਦੀਆਂ ਦੀਆਂ ਛੁੱਟੀਆਂ 1 ਜਨਵਰੀ 2024 ਤੋਂ ਸ਼ੁਰੂ ਹੋਣਗੀਆਂ। ਇਸ ਵਾਰ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਸਿਰਫ਼ 6 ਦਿਨ ਹੀ ਰਹਿਣਗੀਆਂ। ਅਜਿਹੇ ‘ਚ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਸਰਦੀਆਂ ਦੀਆਂ ਛੁੱਟੀਆਂ ਘੱਟ ਹਨ। ਦਿੱਲੀ ਸਰਕਾਰ ਨੇ ਬੁੱਧਵਾਰ ਨੂੰ ਸਰਦੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਸਕੂਲ 1 ਤੋਂ 15 ਜਨਵਰੀ ਤੱਕ ਬੰਦ ਰਹਿੰਦੇ ਸਨ, ਪਰ ਹੁਣ ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ ਸਕੂਲ 1 ਜਨਵਰੀ ਤੋਂ 6 ਜਨਵਰੀ ਤੱਕ ਹੀ ਬੰਦ ਰਹਿਣਗੇ। ਨਵੰਬਰ ਦੇ ਮਹੀਨੇ ਪ੍ਰਦੂਸ਼ਣ ਕਾਰਨ ਸਰਦੀਆਂ ਦੀਆਂ ਕੁਝ ਦਿਨਾਂ ਦੀਆਂ ਛੁੱਟੀਆਂ ਪਹਿਲਾਂ ਹੀ ਲੱਗ ਜਾਂਦੀਆਂ ਸਨ।
ਪ੍ਰਦੂਸ਼ਣ ਕਾਰਨ ਦਿੱਲੀ ਵਿੱਚ 9 ਨਵੰਬਰ ਤੋਂ 18 ਨਵੰਬਰ ਤੱਕ ਸਕੂਲ ਬੰਦ ਕਰ ਦਿੱਤੇ ਗਏ ਸਨ ਅਤੇ ਇਸ ਨੂੰ ਸਰਦੀਆਂ ਦੀਆਂ ਛੁੱਟੀਆਂ ਵਿੱਚ ਐਡਜਸਟ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਕੁੱਲ ਮਿਲਾ ਕੇ ਹੁਣ ਦਿੱਲੀ ਦੇ ਸਾਰੇ 6 ਜਨਵਰੀ ਤੱਕ ਬੰਦ ਰਹਿਣਗੇ।
ਜ਼ਿਕਰਯੋਗ ਹੈ ਕਿ ਦੀਵਾਲੀ ਤੋਂ ਪਹਿਲਾਂ ਦਿੱਲੀ ਸਿੱਖਿਆ ਡਾਇਰੈਕਟੋਰੇਟ ਨੇ 9 ਤੋਂ 18 ਨਵੰਬਰ ਤੱਕ ਸਕੂਲਾਂ ‘ਚ ਛੁੱਟੀ ਦਾ ਐਲਾਨ ਕੀਤਾ ਸੀ। ਦਿੱਲੀ ਵਿੱਚ ਹਵਾ ਪ੍ਰਦੂਸ਼ਣ ਸੂਚਕ ਅੰਕ 500 ਦੇ ਆਸ-ਪਾਸ ਪਹੁੰਚਣ ਕਾਰਨ ਸਿੱਖਿਆ ਡਾਇਰੈਕਟੋਰੇਟ ਨੇ ‘ਵਿੰਟਰ ਬਰੇਕ’ ਐਲਾਨਣ ਦਾ ਫੈਸਲਾ ਕੀਤਾ ਸੀ। ਸਿੱਖਿਆ ਡਾਇਰੈਕਟੋਰੇਟ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਦਿੱਲੀ ਦੇ ਸਾਰੇ ਸਕੂਲ 9 ਤੋਂ 18 ਨਵੰਬਰ ਤੱਕ ਬੰਦ ਰਹੇ।
ਰਾਸ਼ਟਰੀ ਰਾਜਧਾਨੀ ‘ਚ ਹਵਾ ਪ੍ਰਦੂਸ਼ਣ ਦੀ ਲਗਾਤਾਰ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਸਰਕਾਰ ਨੇ ਸਮੇਂ ਤੋਂ ਪਹਿਲਾਂ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰਨ ਦੇ ਨਿਰਦੇਸ਼ ਦਿੱਤੇ ਸਨ। ਆਮ ਤੌਰ ‘ਤੇ ਇਹ ਛੁੱਟੀਆਂ ਦਸੰਬਰ-ਜਨਵਰੀ ਵਿਚ ਸਖ਼ਤ ਠੰਢ ਦੌਰਾਨ ਦਿੱਤੀਆਂ ਜਾਂਦੀਆਂ ਹਨ। ਪਰ, ਦਿੱਲੀ ਵਿੱਚ ਪ੍ਰਦੂਸ਼ਣ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਦਸੰਬਰ-ਜਨਵਰੀ ਦੀ ਸਰਦੀਆਂ ਦੀ ਛੁੱਟੀ ਪਹਿਲਾਂ ਤੋਂ ਹੀ ਐਲਾਨੀ ਗਈ ਸੀ। ਇਸ ਫੈਸਲੇ ਤੋਂ ਪਹਿਲਾਂ 5 ਨਵੰਬਰ ਨੂੰ ਸਰਕਾਰ ਨੇ 5ਵੀਂ ਜਮਾਤ ਤੱਕ ਦੇ ਪ੍ਰਾਇਮਰੀ ਸਕੂਲਾਂ ਨੂੰ 10 ਨਵੰਬਰ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਸੀ।