ਡੇਰਾ ਸੱਚਾ ਸੌਦਾ ਸਿਰਸਾ ’ਚ ਐਤਵਾਰ ਨੂੰ 32ਵਾਂ ਐੱਮਐੱਸਜੀ ਸੇਵਾ ਭੰਡਾਰਾ ਮਨੁੱਖਤਾ ਦੇ ਭਲਾਈ ਕੰਮਾਂ ਨਾਲ ਮਨਾਇਆ ਗਿਆ। ਇਸ ਸਮਾਗਮ ’ਚ ਰੋਹਤਕ ਦੀ ਸੁਨਾਰੀਆਂ ਜੇਲ੍ਹ ’ਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ 18ਵੀਂ ਚਿੱਠੀ ਭੇਜੀ। ਇਸ ਚਿੱਠੀ ’ਚ ਪੁਰਾਣੀਆਂ ਚਿੱਠੀਆਂ ਵਾਂਗ ਹੀ ਇਕ ਵਾਰ ਮੁੜ ਡੇਰਾ ਮੁਖੀ ਨੇ ਖ਼ੁਦ ਦੇ ਹੀ ਗੁਰੂ ਹੋਣ ਤੇ ਰਹਿਣ ਦਾ ਦਾਅਵਾ ਕੀਤਾ। ਡੇਰਾ ਮੁਖੀ ਨੇ ਆਪਣੇ ਗੁਰੂ ਸ਼ਾਹ ਸਤਨਾਮ ਮਹਾਰਾਜ ਦੇ ਜਨਮ ਦਿਹਾੜੇ ਦੇ ਮਹੀਨੇ ਐੱਮਐੱਸਜੀ ਅਵਤਾਰ ਮਹੀਨਾ ਤੇ ਨਵੇਂ ਸਾਲ ਦੀ ਵਧਾਈ ਦਿੰਦਿਆਂ 161ਵਾਂ ਮਨੁੱਖਤਾ ਕਾਰਜ ਸਹਾਰਾ-ਏ-ਇੰਸਾ ਸ਼ੁਰੂ ਕਰਵਾਇਆ।
ਡੇਰਾ ਮੁਖੀ ਨੇ ਲਿਖਿਆ ਕਿ ਤੁਹਾਡੇ ਗੁਰੂ ਅਸੀਂ ਸਾਂ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ। ਤੁਹਾਡੇ ਆਸ-ਪਾਸ ਕੋਈ ਮੰਦਬੁੱਧੀ ਦਿਵਿਆਂਗ ਘੁੰਮ ਰਿਹਾ ਹੋਵੇ ਤਾਂ ਉਸ ਦਾ ਇਲਾਜ ਕਰਵਾ ਕੇ ਉਸ ਨੂੰ ਉਸ ਦੇ ਘਰ ਪਹੁੰਚਾਓ। ਇਹ ਸੇਵਾ ਤੁਸੀਂ ਕਰ ਰਹੇ ਹੋ ਤੇ ਇਸ ਨੂੰ ਹੋਰ ਜ਼ੋਰ ਨਾਲ ਕਰੋ। ਆਉਣ ਵਾਲਾ ਜਨਮ ਦਿਹਾੜਾ ਮਹੀਨਾ ਐੱਮਐੱਸਜੀ ਦਾ ਤੇ ਨਵੇਂ ਸਾਲ ਦੇ ਪਹਿਲੇ ਦਿਨ ’ਤੇ ਤੁਸੀਂ ਮਿਲ ਕੇ ਮਨੁੱਖਤਾ ਦੀ ਭਲਾਈ ਲਈ ਇਕ ਨਵਾਂ ਕਾਰਜ ਸ਼ੁਰੂ ਕਰੋ। ਜਿਨ੍ਹਾਂ ਗ਼ਰੀਬ ਪਰਿਵਾਰਾਂ ’ਚ ਮੁਖੀ ਜਾਂ ਇਕ ਹੀ ਬੇਟਾ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋ ਗਈ ਹੋਵੇ ਤਾਂ ਸਾਰੇ ਮਿਲ ਕੇ ਉਨ੍ਹਾਂ ਦੇ ਘਰ ਜਾਓ ਤੇ ਉਨ੍ਹਾਂ ਦੀ ਆਰਥਿਕ ਮਦਦ ਕਰਕੇ ਉਨ੍ਹਾਂ ਦਾ ਦੁੱਖ ਵੰਡਾਓ। ਇਸ ਮੁਹਿੰਮ ਦਾ ਨਾਂ ਹੋਵੇਗਾ ਸਹਾਰਾ-ਏ-ਇੰਸਾ।