ਜਲੰਧਰ: ਸਥਾਨਕ ਗੋਪਾਲ ਨਗਰ ਨੇੜੇ ਪੈਂਦੀ ਦਾਣਾ ਮੰਡੀ ਨੇੜੇ ਹੋਏ ਬਲਾਈਂਡ ਮਰਡਰ ਦੀ ਗੁੱਥੀ ਨੂੰ ਕਮਿਸ਼ਨਰੇਟ ਪੁਲਸ ਨੇ ਸਿਰਫ਼ 24 ਘੰਟਿਆਂ ’ਚ ਸੁਲਝਾ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਡੀ. ਸੀ. ਪੀ. ਅੰਕੁਰ ਗੁਪਤਾ ਨੇ ਦੱਸਿਆ ਕਿ ਕਾਬੂ ਮੁਲਜ਼ਮ ਦੀ ਪਛਾਣ ਕਰਨ ਭਾਟੀਆ ਉਰਫ਼ ਰਿੱਕੀ ਨਿਵਾਸੀ ਰਾਮ ਨਗਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਮੁਲਜ਼ਮ ਆਟੋ ਚਾਲਕ ਹੈ। ਸ਼ਨਵੀਰਾ ਸਵੇਰੇ ਲਗਭਗ ਪੌਣੇ 10 ਵਜੇ ਉਨ੍ਹਾਂ ਨੂੰ ਪੁਲਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਗੋਪਾਲ ਨਗਰ ਨੇੜੇ ਪੈਂਦੀ ਨਵੀਂ ਦਾਣਾ ਮੰਡੀ ਨਜ਼ਦੀਕ 40 ਸਾਲ ਦੇ ਅਣਪਛਾਤੇ ਵਿਅਕਤੀ ਦੀ ਖ਼ੂਨ ’ਚ ਲਥਪਥ ਲਾਸ਼ ਪਈ ਹੈ।
ਸੂਚਨਾ ਮਿਲਦੇ ਹੀ ਏ. ਸੀ. ਪੀ. ਸੈਂਟਰਲ ਨਿਰਮਲ ਸਿੰਘ ਤੇ ਥਾਣਾ ਨੰਬਰ 2 ਦੇ ਇੰਚਾਰਜ ਪੁਲਸ ਪਾਰਟੀ ਸਮੇਤ ਤੁਰੰਤ ਘਟਨਾ ਸਥਾਨ ’ਤੇ ਪੁੱਜੇ। ਦਿਨ ਚੜ੍ਹਦੇ ਹੀ ਇਕ ਵਿਅਕਤੀ ਦਾ ਕਤਲ ਹੋਣ ਦੀ ਸੂਚਨਾ ਮਿਲਦੇ ਹੀ ਕਮਿਸ਼ਨਰੇਟ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਡੀ. ਸੀ. ਪੀ. ਅੰਕੁਰ ਗੁਪਤਾ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਸਖ਼ਤ ਮਿਹਨਤ ਨਾਲ ਮ੍ਰਿਤਕ ਦੀ ਸ਼ਨਾਖਤ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਪੁਲਸ ਮ੍ਰਿਤਕ ਸਰਜੂ ਨਿਵਾਸੀ ਪ੍ਰਭਾਤ ਨਗਰ ਦੇ ਘਰ ਪੁੱਜੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ 2 ਹੋਰਨਾਂ ਦੋਸਤਾਂ ਨਾਲ ਰਾਤ ਨੂੰ ਘਰੋਂ ਨਿਕਲਿਆ ਸੀ, ਜਿਸ ਤੋਂ ਬਾਅਦ ਪੁਲਸ ਉਕਤ ਦੋਸਤਾਂ ਤਕ ਪਹੁੰਚੀ ਤਾਂ ਪਤਾ ਲੱਗਾ ਕਿ ਪਹਿਲਾਂ 3 ਦੋਸਤਾਂ ਨੇ ਮਿਲ ਕੇ ਸ਼ਰਾਬ ਪੀਤੀ।
ਇਸ ਦੌਰਾਨ ਸਰਜੂ ਅਤੇ ਕਰਨ ਦੀ ਕਿਸੇ ਗੱਲ ਨੂੰ ਲੈ ਕੇ ਸ਼ਰਾਬ ਦੇ ਨਸ਼ੇ ’ਚ ਬਹਿਸਬਾਜ਼ੀ ਹੋ ਗਈ। ਬਹਿਸਬਾਜ਼ੀ ਇੰਨੀ ਵਧ ਗਈ ਕਿ ਕਰਨ ਨੇ ਸਰਜੂ ਦਾ ਪੱਥਰ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਾਂਚ ’ਚ ਪਤਾ ਲੱਗਾ ਕਿ ਵਾਰਦਾਤ ਤੋਂ ਪਹਿਲਾਂ ਇਨ੍ਹਾਂ ਦਾ ਤੀਜਾ ਦੋਸਤ ਦੋਵਾਂ ’ਚ ਬਹਿਸ ਹੁੰਦੀ ਵੇਖ ਕੇ ਘਰ ਵਾਪਸ ਚਲਾ ਗਿਆ ਸੀ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।