ਖਰੜ ਦੇ CIA ਸਟਾਫ ਦੇ ਦਫਤਰ ਤੋਂ ਬੀਤੀ ਦੇਰ ਰਾਤ ਅੰਮ੍ਰਿਤਸਰ ਲਿਆਂਦੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਸਵੇਰੇ 7.10 ਵਜੇ ਸੁਰੱਖਿਆ ਬੰਦੋਬਸਤ ‘ਚ ਅੰਮ੍ਰਿਤਸਰ ਅਦਾਲਤ ਲਿਆਂਦਾ ਗਿਆ। ਇੱਥੇ ਕਰੀਬ ਡੇਢ ਘੰਟੇ ਦੀ ਪੇਸ਼ੀ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੂੰ 5 ਦਿਨਾਂ ਦਾ ਰਿਮਾਂਡ ਅਦਾਲਤ ਵੱਲੋਂ ਦਿੱਤਾ ਗਿਆ। ਗੈਂਗਸਟਰ ਰਾਣਾ ਕੰਦੋਵਾਲੀਆ ਕਤਲ ਮਾਮਲੇ ‘ਚ ਜਾਂਚ ਅੱਗੇ ਵਧਾਉਣ ‘ਤੇ ਹੋਰ ਕੜੀਆਂ ਜੋੜਨ ਲਈ ਅੰਮ੍ਰਿਤਸਰ ਪੁਲਿਸ ਨੂੰ ਲਾਰੈਂਸ ਦਾ ਰਿਮਾਂਡ ਮਿਲਿਆ ਹੈ। ਲਾਰੈੈਂਸ ਨੂੰ ਮੁੜ 11 ਜੁਲਾਈ ਨੂੰ ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਅੰਮ੍ਰਿਤਸਰ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਲਾਰੈਂਸ ਕੋਲੋਂ ਖਰੜ ‘ਚ ਹੀ ਪੁੱਛਗਿਛ ਹੋਵੇਗੀ।
ਹੁਣ ਅੰਮ੍ਰਿਤਸਰ ਪੁਲਿਸ ਉਸ ਤੋਂ ਕਈ ਰਾਜ਼ ਖੋਲ੍ਹੇਗੀ। ਪਰ ਸੁਰੱਖਿਆ ਦੇ ਮੱਦੇਨਜ਼ਰ ਉਸ ਨੂੰ ਜਲਦੀ ਹੀ ਖਰੜ CIA ਸਟਾਫ ਦੇ ਹੈੱਡਕੁਆਰਟਰ ਭੇਜ ਦਿੱਤਾ ਜਾਵੇਗਾ। ਹੁਸ਼ਿਆਰਪੁਰ, ਮੋਗਾ ਅਤੇ ਫਾਜ਼ਿਲਕਾ ਦੀ ਪੁਲਿਸ ਵੀ ਲਾਰੈਂਸ ਨੂੰ ਲੈਣ ਲਈ ਅੰਮ੍ਰਿਤਸਰ ਆਈ ਸੀ। ਤਿੰਨਾਂ ਜ਼ਿਲ੍ਹਿਆਂ ਦੀ ਪੁਲਿਸ ਨੇ ਲਾਰੈਂਸ ਦੇ ਰਿਮਾਂਡ ਲਈ ਦਲੀਲਾਂ ਪੇਸ਼ ਕੀਤੀਆਂ। ਅੰਮ੍ਰਿਤਸਰ ਦੀ ਅਦਾਲਤ ਵਿੱਚ ਕਰੀਬ ਡੇਢ ਘੰਟੇ ਤੱਕ ਰਿਮਾਂਡ ਸਬੰਧੀ ਬਹਿਸ ਚੱਲਦੀ ਰਹੀ। ਪਰ ਅੰਤ ਵਿੱਚ ਅੰਮ੍ਰਿਤਸਰ ਪੁਲਿਸ ਨੂੰ ਫਿਰ 5 ਦਿਨਾਂ ਲਈ ਲਾਰੈਂਸ ਨੂੰ ਸੌਂਪ ਦਿੱਤਾ ਗਿਆ।