ਆਕਾਸ਼ਦੀਪ ਸਿੰਘ ਦੀ ਹੈਟ੍ਰਿਕ ਦੇ ਬਾਵਜੂਦ ਭਾਰਤੀ ਹਾਕੀ ਟੀਮ ਨੂੰ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਆਸਟਰੇਲੀਆ ਤੋਂ 4-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਕਾਸ਼ਦੀਪ ਸਿੰਘ ਨੇ 10ਵੇਂ, 27ਵੇਂ ਅਤੇ 59ਵੇਂ ਮਿੰਟ ਵਿੱਚ ਤਿੰਨ ਗੋਲ ਕੀਤੇ ਜਦਕਿ ਕਪਤਾਨ ਹਰਮਨਪ੍ਰੀਤ ਸਿੰਘ (31ਵੇਂ ਮਿੰਟ) ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ।
ਆਸਟਰੇਲੀਆ ਵੱਲੋਂ ਲਚਲਾਨ ਸ਼ਾਰਪ ਨੇ 5ਵੇਂ ਮਿੰਟ, ਨਾਥਨ ਇਫਰੋਮਸ ਨੇ 21ਵੇਂ, ਟਾਮ ਕ੍ਰੇਗ ਨੇ 41ਵੇਂ ਅਤੇ ਬਲੇਕ ਗੋਵਰਜ਼ ਨੇ 57ਵੇਂ ਅਤੇ 60ਵੇਂ ਮਿੰਟ ਵਿੱਚ ਗੋਲ ਕੀਤੇ। ਗੋਵਰਜ਼ ਨੇ ਮੈਚ ਦੇ ਅਖੀਰ ਵਿੱਚ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਕੀਤੇ। ਭਾਰਤ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ, “ਮੈਚ ਦਾ ਅੰਤ ਬਹੁਤ ਨਿਰਾਸ਼ਾਜਨਕ ਰਿਹਾ। ਇਸ ਤੋਂ ਪਹਿਲਾਂ ਸ਼ਾਇਦ ਟੀਮ ਨੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ।’ਆਸਟ੍ਰੇਲੀਆ ਨੇ ਤੇਜ਼ ਸ਼ੁਰੂਆਤ ਕੀਤੀ ਤੇ ਪੰਜਵੇਂ ਹੀ ਮਿੰਟ ਵਿਚ ਬੜ੍ਹਤ ਬੜ੍ਹਤ ਬਣਾ ਲਈ ਤੇ ਸ਼ਾਰਪ ਨੇ ਪਹਿਲੀ ਹੀ ਕੋਸ਼ਿਸ਼ ਵਿਚ ਭਾਰਤੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੂੰ ਭੁਲੇਖਾ ਪਾ ਕੇ ਗੋਲ ਕੀਤਾ। ਆਕਾਸ਼ਦੀਪ ਨੇ ਫਿਰ 11ਵੇਂ ਮਿੰਟ ਵਿਚ ਭਾਰਤ ਨੂੰ ਬਰਾਬਰੀ ‘ਤੇ ਲਿਆ ਦਿੱਤਾ।
ਦੂਜੇ ਕੁਆਰਟਰ ਦੇ ਛੇ ਮਿੰਟ ਬਾਅਦ ਆਸਟ੍ਰੇਲੀਆ ਨੇ ਫਿਰ ਆਪਣੀ ਬੜ੍ਹਤ ਕਾਇਮ ਕਰ ਲਈ ਜਿਸ ਵਿਚ ਭਾਰਤੀਆਂ ਦੇ ਖ਼ਰਾਬ ਡਿਫੈਂਸ ਦਾ ਹੱਥ ਰਿਹਾ। ਆਕਾਸ਼ਦੀਪ ਫਿਰ ਭਾਰਤ ਦੇ ਬਚਾਅ ਵਿਚ ਆਏ ਤੇ ਉਨ੍ਹਾਂ ਨੇ 27ਵੇਂ ਮਿੰਟ ਵਿਚ ਤੇਜ਼ ਰਿਵਰਸ ਹਿੱਟ ਨਾਲ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਪਾਸਾ ਬਦਲਣ ਤੋਂ ਇਕ ਮਿੰਟ ਬਾਅਦ ਹੀ ਹਰਮਨਪ੍ਰਰੀਤ ਨੇ ਪੈਨਲਟੀ ਕਾਰਨਰ ਨਾਲ ਗੋਲ ਕਰ ਕੇ ਭਾਰਤ ਨੂੰ ਮੈਚ ਵਿਚ ਪਹਿਲੀ ਵਾਰ ਅੱਗੇ ਕਰ ਦਿੱਤਾ। ਮੈਚ ਦੇ 41ਵੇਂ ਮਿੰਟ ਵਿਚ ਆਸਟ੍ਰੇਲੀਆ ਨੇ ਇਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ ਜਿਸ ‘ਤੇ ਕ੍ਰੇਗ ਨੇ ਰਿਬਾਊਂਡ ‘ਤੇ ਗੋਲ ਕੀਤਾ।
ਆਪਣੇ ਹੀ ਸਰਕਲ ਅੰਦਰ ਖ਼ਰਾਬ ਡਿਫੈਂਸ ਦਾ ਭਾਰਤੀਆਂ ਨੂੰ ਖਮਿਆਜ਼ਾ ਭੁਗਤਣਾ ਪਿਆ ਜਿਸ ਨਾਲ ਆਸਟ੍ਰੇਲੀਆ ਨੇ ਦੋ ਹੋਰ ਪੈਨਲਟੀ ਕਾਰਨਰ ਹਾਸਲ ਕੀਤੇ। ਇਸ ਵਿਚੋਂ ਦੂਜੀ ਕੋਸ਼ਿਸ਼ ਵਿਚ ਗੋਵਰਸ ਨੇ ਗੋਲ ਕਰ ਕੇ ਆਪਣੀ ਟੀਮ ਨੂੰ ਸੀਰੀਜ਼ ਵਿਚ 1-0 ਦੀ ਬੜ੍ਹਤ ਦਿਵਾ ਦਿੱਤੀ।