ਬੀਤੇ ਦਿਨ ਕਾਬੁਲ ਦੇ ਗੁਰਦੁਆਰੇ ‘ਤੇ ਹੋਏ ਹਮਲੇ ਤੋਂ ਬਾਅਦ ਭਾਰਤ ਸਰਕਾਰ ਐਕਸ਼ਨ ਮੋਡ ‘ਚ ਆ ਗਈ ਹੈ। ਹਮਲੇ ਦੇ 24 ਘੰਟਿਆਂ ਦੇ ਅੰਦਰ ਗ੍ਰਹਿ ਮੰਤਰਾਲੇ (MHA) ਨੇ ਅਫਗਾਨਿਸਤਾਨ ਦੇ 100 ਸਿੱਖਾਂ ਲਈ ਈ-ਵੀਜ਼ਾ ਜਾਰੀ ਕੀਤਾ ਹੈ। ਪਹਿਲ ਦੇ ਆਧਾਰ ‘ਤੇ ਈ-ਵੀਜ਼ੇ ਦਿੱਤੇ ਹਨ। ਜਾਣਕਾਰੀ ਮੁਤਾਬਕ ਐਮਐਚਏ ਨੇ ਹਮਲੇ ਤੋਂ ਬਾਅਦ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਇਹ ਹੁਕਮ ਦਿੱਤਾ ਸੀ। ਦੱਸ ਦਈਏ ਬੀਤੇ ਦਿਨ ਕਾਬੁਲ ਦੇ ਕਰਤਾ ਪਰਵਾਨ ਗੁਰਦੁਆਰੇ ‘ਤੇ ਅੱਤਵਾਦੀ ਹਮਲਾ ਹੋਇਆ ਸੀ।
ਦੱਸ ਦਈਏ ਕਿ ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅਫਗਾਨਿਸਤਾਨ ਵਿਚ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ‘ਤੇ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਭਾਰਤ ਸਰਕਾਰ ਨੁੰ ਅਪੀਲ ਕੀਤੀ ਸੀ ਕਿ ਅਫਗਾਨਿਸਤਾਨ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਸਲਾਮਿਕ ਅਤਿਵਾਦੀਆਂ ਨੇ ਪਵਿੱਤਰ ਧਾਰਮਿਕ ਅਸਥਾਨ ਨੁੰ ਆਪਣਾ ਨਿਸ਼ਾਨਾ ਬਣਾਇਆ ਹੈ ਤੇ ਇਸਦੇ ਗਾਰਡ ਨੂੰ ਮਾਰ ਮੁਕਾਇਆ ਤੇ ਕਈ ਹੋਰ ਸ਼ਰਧਾਲੂਆਂ ਨੁੰ ਗੋਲੀਆਂ ਨਾਲ ਜ਼ਖ਼ਮੀ ਕਰ ਦਿੱਤਾ ਹੈ ਤੇ ਧਮਾਕੇ ਕਰ ਕੇ ਗੁਰਦੁਆਰਾ ਸਾਹਿਬ ਦਾ ਵੀ ਨੁਕਸਾਨ ਕੀਤਾ ਹੈ।
ਉਹਨਾਂ ਕਿਹਾ ਕਿ ਇਹ ਬੇਹੱਦ ਸਨਮਾਨਯੋਗ ਧਾਰਮਿਕ ਅਸਥਾਨ ਹੈ ਜਿਸਦਾ ਆਈ ਐਸ ਆਈ ਐਸ ਅਤਿਵਾਦੀਆਂ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਤੇ ਇਸ ‘ਤੇ ਹਮਲਾ ਕਰ ਕੇ ਉਹਨਾਂ ਬਹੁਤ ਵੱਡਾ ਗੁਨਾਹ ਕੀਤਾ ਹੈ।
ਉਹਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਫਗਾਨਿਸਤਾਨ ਵਿਚ ਸਿੱਖ ਭਾਈਚਾਰੇ ਦੇ ਮੈਂਬਰ ਸੁਰੱਖਿਅਤ ਨਹੀਂ ਹਨ ਤੇ ਉਹਨਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜਿਹੜੇ ਸਿੱਖ ਭਾਰਤ ਆਉਣਾ ਚਾਹੁੰਦੇ ਹਨ, ਉਹਨਾਂ ਨੁੰ ਲਿਆਉਣ ਦਾ ਵੀ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ।