‘ਅਗਨੀਪਥ’ ਖ਼ਿਲਾਫ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਕਈ ਟਰੇਨਾਂ ਨੂੰ ਅੱਜ ਰੱਦ ਕੀਤਾ ਗਿਆ। ਰੇਲਵੇ ਨੇ 181 ਮੇਲ/ਐਕਸਪ੍ਰੈਸ ਅਤੇ 348 ਪੈਸੇਂਜਰ ਟਰੇਨਾਂ ਨੂੰ ਰੱਦ ਕੀਤਾ ਹੈ। ਉੱਤਰੀ ਰੇਲਵੇ ਅਨੁਸਾਰ ਉੱਤਰੀ ਰੇਲਵੇ ਦੇ ਵੱਖ-ਵੱਖ ਟਰਮੀਨਲਾਂ ਤੋਂ ਪੂਰਬ ਵੱਲ ਜਾਣ ਵਾਲੀਆਂ ਕੁੱਲ 18 ਰੇਲ ਸੇਵਾਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰੇਲਵੇ ਨੇ ਅੱਗੇ ਦੱਸਿਆ ਕਿ ਕੇਂਦਰ ਦੀ ਅਗਨੀਪਥ ਭਰਤੀ ਯੋਜਨਾ ਦੇ ਵਿਰੋਧ ਦੇ ਮੱਦੇਨਜ਼ਰ 71 ਦਿੱਲੀ ਜ਼ੋਨ ਤੋਂ ਜਾਣ ਵਾਲੀਆਂ ਕਮਿਊਟਰ ਟਰੇਨਾਂ (ਵਾਪਸੀ ਸੇਵਾਵਾਂ ਸਮੇਤ) ਨੂੰ ਵੀ ਅੱਜ ਲਈ ਰੱਦ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੱਲ੍ਹ ਵੀ ਪੱਛਮੀ ਰੇਲਵੇ ਜ਼ੋਨ ਦੀਆਂ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ। ਕੇਂਦਰ ਦੀ ਨਵੀਂ ਅਗਨੀਪਥ ਭਰਤੀ ਯੋਜਨਾ ਦੇ ਵਿਰੋਧ ’ਚ ਅੱਜ ਕਈ ਸੂਬਿਆਂ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਨਵੀਂ ਸਕੀਮ ਦੇ ਐਲਾਨ ਦੇ ਬਾਅਦ ਤੋਂ ਹੀ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ, ਤੇਲੰਗਾਨਾ, ਉੜੀਸਾ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਪੰਜਾਬ, ਝਾਰਖੰਡ ਅਤੇ ਅਸਾਮ ਸਮੇਤ ਵੱਖ-ਵੱਖ ਸੂਬਿਆਂ ’ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।