ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਭਿਆਨਕ ਗਰਮੀ ਤੋਂ ਬਚਣ ਲਈ ਸੈਲਾਨੀ ਪਹਾੜਾਂ ਵੱਲ ਜਾ ਰਹੇ ਹਨ। ਹਿਮਾਚਲ ਪ੍ਰਦੇਸ਼ ਸੈਲਾਨੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਪਰ ਹਿਮਾਚਲ ਪ੍ਰਦੇਸ਼ ਦੇ ਮਨਾਲੀ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਨੇ ਸਭ ਨੂੰ ਹੈਰਾਨ ਕੇ ਦਿੱਤਾ ਹੈ। ਇਸ ਵਿੱਚ ਇੱਕ 10 ਸਾਲ ਦੀ ਬੱਚੀ ਜ਼ਿਪਲਾਈਨਿੰਗ ਕਰਦੀ ਹੋਈ 30 ਫੁੱਟ ਦੀ ਉਚਾਈ ਤੋਂ ਜ਼ਮੀਨ ‘ਤੇ ਡਿੱਗ ਪਈ। ਇਸ ਘਟਨਾ ਵਿੱਚ ਗੰਭੀਰ ਜ਼ਖਮੀ ਹੋਈ ਕੁੜੀ ਦਾ ਨਾਮ ਤ੍ਰਿਸ਼ਾ ਹੈ।
ਉਸਦਾ ਇਲਾਜ ਨਾਗਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਤ੍ਰਿਸ਼ਾ ਦਾ ਪਰਿਵਾਰ ਨਾਗਪੁਰ, ਮਹਾਰਾਸ਼ਟਰ ਤੋਂ ਹੈ। ਉਹ ਆਪਣੇ ਪਿਤਾ ਪ੍ਰਫੁੱਲ ਬਿਜਵੇ ਅਤੇ ਮਾਂ ਨਾਲ ਛੁੱਟੀਆਂ ਮਨਾਉਣ ਲਈ ਮਨਾਲੀ ਆਈ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ 8 ਜੂਨ ਨੂੰ ਜ਼ਿਪਲਾਈਨਿੰਗ ਕਰ ਰਹੀ ਸੀ।
ਇਹ ਵੀਡੀਓ ਸਾਹਮਣੇ ਵਾਲੀ ਪਹਾੜੀ ‘ਤੇ ਖੜ੍ਹੇ ਇੱਕ ਵਿਅਕਤੀ ਦੁਆਰਾ ਰਿਕਾਰਡ ਕੀਤਾ ਗਿਆ ਸੀ। ਵੀਡੀਓ ਵਿੱਚ, ਤ੍ਰਿਸ਼ਾ ਤਾਰ ‘ਤੇ ਲਟਕਦੀ ਦਿਖਾਈ ਦੇ ਰਹੀ ਹੈ ਅਤੇ ਜਦੋਂ ਉਹ 30 ਫੁੱਟ ਦੀ ਉਚਾਈ ‘ਤੇ ਹੁੰਦੀ ਹੈ, ਤਾਂ ਜਿਸ ਹੁੱਕ ‘ਤੇ ਉਹ ਲਟਕ ਰਹੀ ਸੀ ਉਹ ਟੁੱਟ ਜਾਂਦੀ ਹੈ। ਤ੍ਰਿਸ਼ਾ ਚੀਕਦੀ ਹੋਈ ਜ਼ਮੀਨ ‘ਤੇ ਡਿੱਗ ਜਾਂਦੀ ਹੈ।