ਚੰਡੀਗੜ੍ਹ-ਮਨਾਲੀ NH ਮੁੜ ਹੋਇਆ ਬਹਾਲ, ਜਾਮ ‘ਚ 10 ਘੰਟੇ ਫਸੇ ਰਹੇ ਲੋਕ
ਇਸ ਸਮੇਂ ਕਈ ਜਗ੍ਹਾ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ ਇਸੇ ਦੇ ਤਹਿਤ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਤੋਂ ਅੱਗੇ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ‘ਤੇ ਸਫਰ ਕਰਨਾ ਖਤਰਨਾਕ ਹੈ। ਇੱਥੇ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਦਾ ਖਤਰਾ ਬਣਿਆ ਹੋਇਆ ਹੈ। ਇਸ ਬਰਸਾਤ ਦੇ ਸੀਜ਼ਨ ਦੇ ਮੱਦੇਨਜ਼ਰ ਮੰਡੀ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਦੱਸ ਦਈਏ ਕਿ ਹੁਣ ਮਨਾਲੀ-ਚੰਡੀਗੜ੍ਹ ਹਾਈਵੇਅ ਖੁੱਲ ਗਿਆ ਹੈ। ਇੱਥੇ ਮੰਡੀ ਜ਼ਿਲ੍ਹੇ ਵਿੱਚ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਢਿੱਗਾਂ ਡਿੱਗਣ ਕਾਰਨ ਕਰੀਬ 10 ਘੰਟੇ ਬੰਦ ਰਿਹਾ ਅਤੇ ਹੁਣ ਖੋਲ੍ਹ ਦਿੱਤਾ ਗਿਆ ਹੈ।
ਹਾਈਵੇ ਬੀਤੀ ਰਾਤ ਤੋਂ ਹੀ ਰਿਹਾ ਬੰਦ
ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ‘ਤੇ ਜ਼ਮੀਨ ਖਿਸਕਣ ਤੋਂ ਬਾਅਦ ਇਹ ਹਾਈਵੇ ਬੀਤੀ ਰਾਤ ਤੋਂ ਹੀ ਬੰਦ ਰਿਹਾ। ਇਸ ਦੌਰਾਨ ਸੜਕਾਂ ’ਤੇ ਕਈ ਕਿਲੋਮੀਟਰ ਤੱਕ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਲੋਕਾਂ ਨੇ ਹਾਈਵੇਅ ’ਤੇ ਹੀ ਵਾਹਨਾਂ ਵਿੱਚ ਰਾਤ ਕੱਟੀ ਗਈ। ਬੱਸਾਂ, ਕਾਰ ਟਰੱਕ ਸਵਾਰਾਂ ਨੇ ਹਾਈਵੇ ਖੁੱਲ੍ਹਣ ਦੀ ਸਾਰੀ ਰਾਤ ਉਡੀਕ ਕੀਤੀ।
ਮੰਡੀ ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ਨੂੰ ਕਰੀਬ 9 ਘੰਟੇ ਜਾਮ ਰੱਖਣ ਤੋਂ ਬਾਅਦ ਸ਼ਨੀਵਾਰ ਸਵੇਰੇ 8 ਵਜੇ ਇੱਕ ਤਰਫਾ ਆਵਾਜਾਈ ਬਹਾਲ ਕਰ ਦਿੱਤੀ ਗਈ।
ਹਨੇਰਾ ਹੋਣ ਕਾਰਨ ਨਹੀਂ ਹੋ ਸਕਿਆ ਮਲਬਾ ਹਟਾਉਣ ਦਾ ਕੰਮ
ਮੰਡੀ ਅਤੇ ਪੰਡੋਹ ਵਿਚਕਾਰ ਹਾਈਵੇਅ ‘ਤੇ ਮੀਲ 5, 6 ਅਤੇ 9 ਦੇ ਨੇੜੇ ਢਿੱਗਾਂ ਡਿੱਗਣ ਕਾਰਨ ਹਾਈਵੇਅ ‘ਤੇ ਭਾਰੀ ਮਾਤਰਾ ‘ਚ ਮਲਬਾ ਡਿੱਗ ਗਿਆ, ਜਿਸ ਕਾਰਨ ਹਾਈਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਰਾਤ ਨੂੰ ਬਰਸਾਤ ਅਤੇ ਹਨੇਰਾ ਹੋਣ ਕਾਰਨ ਮਲਬਾ ਹਟਾਉਣ ਦਾ ਕੰਮ ਨਹੀਂ ਹੋ ਸਕਿਆ, ਜਿਸ ਕਾਰਨ ਸਵੇਰ ਹੁੰਦੇ ਹੀ ਇਸ ਕੰਮ ਲਈ ਤੁਰੰਤ ਮਸ਼ੀਨਰੀ ਤਾਇਨਾਤ ਕਰ ਦਿੱਤੀ ਗਈ। ਕਰੀਬ 8 ਵਜੇ ਸਾਰੇ ਥਾਵਾਂ ਤੋਂ ਮਲਬਾ ਹਟਾਉਣ ਤੋਂ ਬਾਅਦ ਹਾਈਵੇਅ ਨੂੰ ਇਕ ਤਰਫਾ ਆਵਾਜਾਈ ਬਹਾਲ ਕਰ ਦਿੱਤੀ ਗਈ।
ਦੋਵੇਂ ਪਾਸੇ ਵਾਹਨਾਂ ਦੀਆਂ ਲੱਗ ਗਈਆਂ ਲੰਮੀਆਂ ਕਤਾਰਾਂ
ਹਾਈਵੇਅ ਬੰਦ ਹੋਣ ਕਾਰਨ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਦੌਰਾਨ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ ਅਤੇ ਜ਼ਿਆਦਾਤਰ ਲੋਕਾਂ ਨੇ ਡਰ ਦੇ ਮਾਰੇ ਆਪਣੇ ਵਾਹਨਾਂ ‘ਚ ਰਾਤ ਕੱਟੀ। ਇਸ ਵਿੱਚ ਜਿਆਦਾਤਰ ਉਹ ਵਾਹਨ ਸ਼ਾਮਲ ਸਨ ਜੋ ਮਾਲ ਢੋਣ ਵਾਲੇ ਹਨ ਅਤੇ ਇਧਰ-ਉਧਰ ਮਾਲ ਲੈ ਜਾ ਰਹੇ ਸਨ। ਕੁਝ ਵੋਲਵੋ ਬੱਸਾਂ ਅਤੇ ਹੋਰ ਯਾਤਰੀ ਵਾਹਨ ਵੀ ਸ਼ਾਮਲ ਸਨ।
ਸਵੇਰੇ ਹਾਈਵੇਅ ਬਹਾਲ ਹੋਣ ਤੋਂ ਬਾਅਦ ਜਦੋਂ ਇਹ ਲੋਕ ਆਪਣੀਆਂ ਮੰਜ਼ਿਲਾਂ ਵੱਲ ਰਵਾਨਾ ਹੋਏ ਤਾਂ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ। ਪ੍ਰਸ਼ਾਸਨ ਨੇ ਮੰਡੀ ਨੇੜੇ ਸੌਲੀਖੜ ਅਤੇ ਪੰਡੋਹ ਨੇੜੇ ਆਰਮੀ ਕੈਂਪ ਤੋਂ ਅੱਗੇ ਵਾਹਨਾਂ ਨੂੰ ਨਹੀਂ ਜਾਣ ਦਿੱਤਾ। ਇਸ ਕਾਰਨ ਵੀ ਜ਼ਿਆਦਾ ਆਵਾਜਾਈ ਨਹੀਂ ਰਹੀ ਅਤੇ ਕੁਝ ਲੋਕ ਬਾਜ਼ਾਰ ਦੇ ਨੇੜੇ ਹੋਟਲਾਂ ਵਿੱਚ ਵੀ ਰੁਕੇ ਰਹੇ।
ਇਹ ਵੀ ਪੜ੍ਹੋ : CM ਮਾਨ ਤੋਂ ਬਾਅਦ ਹੁਣ ਸਪੀਕਰ ਸੰਧਵਾਂ ਨੂੰ ਵੀ ਨਹੀਂ ਮਿਲੀ USA ਜਾਣ ਦੀ Permission
ਲੋੜ ਪੈਣ ‘ਤੇ ਹੀ ਕਰਨ ਸਫ਼ਰ
ਬਰਸਾਤ ਦੇ ਸੀਜ਼ਨ ਦੇ ਮੱਦੇਨਜ਼ਰ ਮੰਡੀ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਉਹ ਸਿਰਫ਼ ਲੋੜ ਪੈਣ ‘ਤੇ ਹੀ ਸਫ਼ਰ ਕਰਨ, ਨਹੀਂ ਤਾਂ ਇਸ ਨੂੰ ਮੁਲਤਵੀ ਕਰ ਦਿਓ ਅਤੇ ਦਿਨ ਵੇਲੇ ਵੱਧ ਤੋਂ ਵੱਧ ਸਫ਼ਰ ਕਰੋ ਕਿਉਂਕਿ ਰਾਤ ਵੇਲੇ ਜਦੋਂ ਹਾਈਵੇਅ ਬੰਦ ਹੈ, ਇਸ ਨੂੰ ਬਹਾਲ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।