ਹਿਮਾਚਲ, 30 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਵਿਚ ਪਿਛਲੇ 30 ਘੰਟਿਆਂ ਤੋਂ ਪੈ ਰਹੇ ਜ਼ਬਰਦਸਤ ਮੀਂਹ ਕਾਰਨ ਜਿ਼ਆਦਾਤਰ ਹਿੱਸਿਆਂ ਵਿੱਚ ਸਿਰਫ਼ ਜਾਨ-ਮਾਲ ਦਾ ਹੀ ਨੁਕਸਾਨ ਨਹੀਂ ਹੋਇਆ ਹੈ ਬਲਕਿ ਭਾਰੀ ਮੀਂਹ ਕਾਰਨ ਕਈ ਥਾਵਾਂ `ਤੇ ਜ਼ਮੀਨ ਖਿਸਕਣ (Landslide) ਅਤੇ ਅਚਾਨਕ ਹੜ੍ਹ ਆਉਣ ਦੀਆਂ ਘਟਨਾਵਾਂ ਵੇਖੀਆਂ ਗਈਆਂ ਹਨ । ਮੰਡੀ ਸ਼ਹਿਰ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ।
ਮੀਂਹ ਕਾਰਨ ਦੇਖੋ ਕੀ ਕੀ ਹੋਇਆ ਨੁਕਸਾਨ
ਹਿਮਾਚਲ ਪ੍ਰਦੇਸ਼ ਵਿਚ ਮੀਂਹ ਕਾਰਨ 357 ਤੋਂ ਵੱਧ ਸੜਕਾਂ, 700 ਤੋਂ ਵੱਧ ਬਿਜਲੀ ਟ੍ਰਾਂਸਫਾਰਮਰ ਅਤੇ 179 ਤੋਂ ਵੱਧ ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਠੱਪ ਹੋ ਗਈਆਂ ਹਨ। ਇਕੱਲੇ ਮੰਡੀ ਜ਼ਿਲ੍ਹੇ ਵਿੱਚ, 254 ਸੜਕਾਂ ਅਤੇ 540 ਬਿਜਲੀ ਟ੍ਰਾਂਸਫਾਰਮਰ ਖ਼ਰਾਬ ਹਨ।
ਮੌਸਮ ਵਿਭਾਗ ਨੇ ਕੀਤਾ ਹੈ ਹਿਮਾਚਲ ਦੇ ਵੱਖ-ਵੱਖ ਜਿ਼ਲਿਆਂ ਵਿਚ ਮੀਂਹ ਦਾ ਐਲਰਟ
ਮੌਸਮ ਵਿਭਾਗ ਨੇ ਚੰਬਾ, ਕਾਂਗੜਾ, ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ ਔਂਰੇਜ ਅਲਰਟ ਜਾਰੀ ਕੀਤਾ ਹੈ। ਭਾਰੀ ਮੀਂਹ ਤੋਂ ਬਾਅਦ ਹੜ੍ਹ, ਪਾਣੀ ਭਰਨ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੇਖੀਆਂ ਜਾ ਸਕਦੀਆਂ ਹਨ । ਇਸ ਦੇ ਮੱਦੇਨਜ਼ਰ, ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ । ਮੌਸਮ ਵਿਗਿਆਨੀ (Meteorologist) ਸੰਦੀਪ ਸ਼ਰਮਾ ਨੇ ਕਿਹਾ ਕਿ ਪੱਛਮੀ ਗੜਬੜੀ ਅੱਜ ਸ਼ਾਮ ਤੱਕ ਸਰਗਰਮ ਰਹੇਗੀ । ਇਸ ਕਾਰਨ ਕੁਝ ਥਾਵਾਂ `ਤੇ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਮਾਨਸੂਨ ਜ਼ਰੂਰ ਥੋੜ੍ਹਾ ਕਮਜ਼ੋਰ ਹੋ ਜਾਵੇਗਾ, ਪਰ ਅਗਲੇ 3 ਦਿਨਾਂ ਤੱਕ ਕਈ ਥਾਵਾਂ `ਤੇ ਬਾਰਿਸ਼ ਜਾਰੀ ਰਹੇਗੀ ।
Read More : ਹਿਮਾਚਲ ਵਿੱਚ ਭਾਰੀ ਮੀਂਹ- 129 ਸੜਕਾਂ ਬੰਦ, 39 ਲੋਕਾਂ ਦੀ ਮੌਤ