ਨਾਇਬ ਸੈਣੀ ਹੀ ਰਹਿਣਗੇ ਹਰਿਆਣਾ ਦੇ ਮੁੱਖ ਮੰਤਰੀ
ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਬਣੇ ਰਹਿਣਗੇ। ਉਨ੍ਹਾਂ ਨੂੰ ਬੁੱਧਵਾਰ ਨੂੰ ਪੰਚਕੂਲਾ ਵਿੱਚ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਆਗੂ ਚੁਣਿਆ ਗਿਆ। ਮੀਟਿੰਗ ਵਿੱਚ ਵਿਧਾਇਕ ਕ੍ਰਿਸ਼ਨ ਬੇਦੀ ਨੇ ਨਾਇਬ ਸੈਣੀ ਦੇ ਨਾਮ ਦੀ ਤਜਵੀਜ਼ ਰੱਖੀ। ਜਿਸ ਦਾ ਸਮਰਥਨ ਅਨਿਲ ਵਿੱਜ ਅਤੇ ਆਰਤੀ ਰਾਓ ਨੇ ਕੀਤਾ। ਫਿਰ ਸਾਰੇ ਵਿਧਾਇਕ ਨਾਇਬ ਸੈਣੀ ਦੇ ਨਾਂ ‘ਤੇ ਸਹਿਮਤ ਹੋ ਗਏ।
ਤੀਜੀ ਵਾਰ ਚੋਣ ਜਿੱਤਣ ਵਿਚ ਕਾਮਯਾਬ ਹੋਏ
ਇਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਇਬ ਸੈਣੀ ਨੂੰ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਦਾ ਐਲਾਨ ਕੀਤਾ। ਸ਼ਾਹ ਨੇ ਕਿਹਾ- ਹਰਿਆਣਾ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕੋਈ ਵੀ ਮੁੱਖ ਮੰਤਰੀ ਲਗਾਤਾਰ ਤੀਜੀ ਵਾਰ ਕਾਮਯਾਬ ਨਹੀਂ ਹੋਇਆ ਹੈ। ਨੌਜਵਾਨ ਨਾਇਬ ਸੈਣੀ ਦੀ ਅਗਵਾਈ ਹੇਠ ਤੀਜੀ ਵਾਰ ਚੋਣ ਜਿੱਤਣ ਵਿਚ ਕਾਮਯਾਬ ਹੋਏ ਹਾਂ। ਸ਼ਾਹ ਦੇ ਨਾਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਵੀ ਨਿਗਰਾਨ ਵਜੋਂ ਮੌਜੂਦ ਸਨ।
ਇਸ ਤੋਂ ਬਾਅਦ ਨਾਇਬ ਸੈਣੀ ਅਮਿਤ ਸ਼ਾਹ ਦੇ ਨਾਲ ਰਾਜ ਭਵਨ ਗਏ ਅਤੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਦੇ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਦੌਰਾਨ 3 ਆਜ਼ਾਦ ਵਿਧਾਇਕਾਂ ਨੇ ਵੀ ਭਾਜਪਾ ਨੂੰ ਸਮਰਥਨ ਦੇ ਪੱਤਰ ਸੌਂਪੇ।
ਇਹ ਵੀ ਪੜ੍ਹੋ : ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
90 ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ ਨੇ 48 ਸੀਟਾਂ ਜਿੱਤੀਆਂ
ਕੱਲ੍ਹ ਵੀਰਵਾਰ ਨੂੰ ਸਵੇਰੇ 11 ਵਜੇ ਪੰਚਕੂਲਾ ਦੇ ਸ਼ਾਲੀਮਾਰ ਮੈਦਾਨ ਵਿੱਚ ਸਹੁੰ ਚੁੱਕ ਸਮਾਗਮ ਹੋਵੇਗਾ। ਇਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 37 ਨੇਤਾ ਅਤੇ ਭਾਜਪਾ ਅਤੇ ਐੱਨਡੀਏ ਸਹਿਯੋਗੀ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਹੋਣਗੇ। ਦੱਸ ਦਈਏ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ ਨੇ 48 ਸੀਟਾਂ ਜਿੱਤੀਆਂ ਸਨ।