ਹਰਿਆਣਾ ‘ਚ ਸਾਰੀਆਂ ਸੀਟਾਂ ‘ਤੇ ਚੋਣਾਂ ਲੜੇਗੀ ਆਪ ਪਾਰਟੀ
ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚੋਣਾਂ ਦੇ ਮੱਦੇਨਜਰ ਜਿੱਥੇ ਇੱਕ ਪਾਸੇ ਭਾਜਪਾ ਅਤੇ ਕਾਂਗਰਸ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਉੱਥੇ ਹੀ ਹੁਣ ਆਮ ਆਦਮੀ ਪਾਰਟੀ ਵੀ ਇਸ ਸਿਆਸੀ ਮੈਦਾਨ ਵਿੱਚ ਉਤਰ ਗਈ ਹੈ।
ਚੰਡੀਗੜ੍ਹ ‘ਚ ਆਪ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਸੂਬਾ ਇੰਚਾਰਜ ਸੰਦੀਪ ਪਾਠਕ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਇੱਥੇ ਆਮ ਆਦਮੀ ਪਾਰਟੀ ਸਾਰੀਆਂ 90 ਸੀਟਾਂ ਉਤੇ ਇਕੱਲੇ ਹੀ ਚੋਣ ਲੜੇਗੀ।
ਅਕਤੂਬਰ ਮਹੀਨੇ ਵਿੱਚ ਹਰਿਆਣਾ ਵਿੱਚ ਹੋਣੀਆਂ ਚੋਣਾਂ
ਦੱਸ ਦਈਏ ਕਿ ਅਕਤੂਬਰ ਮਹੀਨੇ ਵਿੱਚ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਦੇ ਚੱਲਦਿਆਂ ਵੀਰਵਾਰ ਨੂੰ ਚੰਡੀਗੜ੍ਹ ਵਿਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਪ੍ਰੈੱਸ ਕਾਨਫਰੰਸ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਅਤੇ ਹਰਿਆਣਾ ਦੇ ਇੰਚਾਰਜ ਸੰਦੀਪ ਪਾਠਕ ਮੌਕੇ ‘ਤੇ ਮੌਜੂਦ ਸਨ। ਸੀਐਮ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਰਾਸ਼ਟਰੀ ਪਾਰਟੀ ਬਣ ਚੁੱਕੀ ਹੈ। ਇਸ ਨੂੰ ਇਹ ਦਰਜਾ ਸਿਰਫ 10 ਸਾਲਾਂ ‘ਚ ਹੀ ਮਿਲਿਆ ਹੈ ਅਤੇ ਅਜਿਹੇ ‘ਚ ਹੁਣ ਇਹ ਹਰਿਆਣਾ ਵਿਧਾਨ ਸਭਾ ਚੋਣਾਂ ਪੂਰੀ ਤਾਕਤ ਨਾਲ ਲੜੇਗੀ।
ਸਾਰੀਆਂ ਪਾਰਟੀਆਂ ਨੇ ਹਰਿਆਣਾ ਨੂੰ ਲੁੱਟਿਆ
ਮਾਨ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਵਿੱਚ ਸਾਡੀ ਸਰਕਾਰ ਹੈ ਅਤੇ ਲੋਕਾਂ ਨੇ ਸਾਨੂੰ ਕਿਹਾ ਹੈ ਕਿ ਤੁਸੀਂ ਹਰਿਆਣਾ ਕਿਉਂ ਨਹੀਂ ਆਉਂਦੇ, ਜਦਕਿ ਕੇਜਰੀਵਾਲ ਹਰਿਆਣਾ ਦੇ ਹਨ। ਮਾਨ ਨੇ ਵਿਰੋਧੀ ਪਾਰਟੀਆਂ ਉਤੇ ਦੋਸ਼ ਲਾਇਆ ਕਿ ਸਾਰੀਆਂ ਪਾਰਟੀਆਂ ਨੇ ਹਰਿਆਣਾ ਨੂੰ ਲੁੱਟਿਆ ਹੈ ਅਤੇ ਹੁਣ ਅਸੀਂ ਪੂਰੀ ਤਾਕਤ ਨਾਲ ਚੋਣਾਂ ਲੜਾਂਗੇ।
ਹਰਿਆਣਾ ਵਿਚ ਚੱਲ ਰਹੀ ਡਬਲ ਇੰਜਣ ਸਰਕਾਰ
ਪ੍ਰੈਸ ਕਾਨਫਰੰਸ ਦੌਰਾਨ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਹਰਿਆਣਾ ਵਿਚ ਡਬਲ ਇੰਜਣ ਸਰਕਾਰ ਚੱਲ ਰਹੀ ਹੈ। ਪ੍ਰਧਾਨ ਮੰਤਰੀ ਹਮੇਸ਼ਾਂ ਇਹ ਕਹਿੰਦੇ ਰਹਿੰਦੇ ਹਨ, ਪਰ ਹੁਣ ਤੱਕ ਇੱਥੇ ਤਿੰਨ ਇੰਜਣ ਆ ਚੁੱਕੇ ਹਨ ਅਤੇ ਇਹ ਇੰਜਣ ਆਪਸ ਵਿੱਚ ਬਦਲਦੇ ਰਹਿੰਦੇ ਹਨ।
ਇਹ ਵੀ ਪੜ੍ਹੋ : ਸੰਗਰੂਰ ‘ਚ ਵੱਡੀ ਵਾਰਦਾਤ , ਨਿਹੰਗ ਸਿੰਘ ਦੇ ਬਾਣੇ ’ਚ ਆਏ ਵਿਅਕਤੀ ਨੇ ਨੌਜਵਾਨ ਦਾ ਕੀਤਾ ਕਤਲ
ਅੱਜ ਹਰਿਆਣਾ ਫਿਰੌਤੀ ਦੀ ਸਨਅਤ ਬਣ ਗਿਆ ਹੈ। ਹਰਿਆਣਾ ਦੇ ਕਿਸਾਨ ਅੰਦੋਲਨ ਵਿੱਚ ਕੁਚਲੇ ਗਏ ਹਨ, ਇਹ ਸਭ ਨੇ ਦੇਖਿਆ ਹੈ। ਹਰਿਆਣਾ ਵਿੱਚ ਬੇਰੁਜ਼ਗਾਰੀ ਇੱਕ ਵੱਡੀ ਸਮੱਸਿਆ ਹੈ। ਇਸ ਦੇ ਨਾਲ ਹੀ ਸੰਜੇ ਸਿੰਘ ਨੇ ਅਗਨੀਵੀਰ ਯੋਜਨਾ ‘ਤੇ ਵੀ ਭਾਜਪਾ ਸਰਕਾਰ ਨੂੰ ਘੇਰਿਆ।