ਪੰਜਾਬ ‘ਚ ਟੋਲ ਬੰਦ ਕਰਨ ਦਾ ਮਾਮਲਾ ਪਹੁੰਚਿਆ ਹਾਈਕੋਰਟ , HC ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਕਿਸਾਨਾਂ ਵੱਲੋਂ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਨ ਦਾ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। NHAI ( ਰਾਸ਼ਟਰੀ ਰਾਜ ਮਾਰਗ ਅਥਾਰਟੀ ) ਨੇ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ। ਜਿਸ ‘ਚ NHAI ਨੇ ਕਿਹਾ ਕਿ 4 ਟੋਲ ਬੰਦ ਕੀਤੇ ਗਏ ਹਨ। ਜਿਸ ਤੋਂ ਬਾਅਦ NHAI ਦੀ ਪਟੀਸ਼ਨ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਚਾਰ ਟੋਲ ਪਲਾਜ਼ਾ ਬੰਦ ਕਰਨ ਦੇ ਖਿਲਾਫ ਕੀਤੀ ਪਟੀਸ਼ਨ ਦਾਇਰ
ਦਰਅਸਲ , NHAI ਨੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਸਣੇ ਚਾਰ ਟੋਲ ਪਲਾਜ਼ਾ ਬੰਦ ਕਰਨ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ | NHAI ਨੇ ਆਪਣੀ ਪਟੀਸ਼ਨ ’ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਕਿਹਾ ਕਿ ਵਾਰ ਵਾਰ ਟੋਲ ਪਲਾਜ਼ਾ ’ਤੇ ਕਬਜ਼ਾ ਕਰਕੇ ਬੰਦ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਦੇ ਮੰਤਰੀ ਵੀ ਇਸ ਪ੍ਰਦਰਸ਼ਨ ’ਚ ਸ਼ਾਮਲ ਹਨ। ਇਸ ਤਰ੍ਹਾਂ ਟੋਲ ਬੰਦ ਕਰਕੇ ਨਾ ਸਿਰਫ਼ ਕਾਨੂੰਨ ਵਿਵਸਥਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਬਲਕਿ ਇਸ ਨਾਲ ਖਜ਼ਾਨੇ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਫਿਲਹਾਲ ਮਾਮਲੇ ਦੀ ਅਗਲੀ ਸੁਣਵਾਈ 10 ਜੁਲਾਈ ਨੂੰ ਹੋਵੇਗੀ।
113 ਕਰੋੜ ਦਾ ਹੋ ਰਿਹਾ ਨੁਕਸਾਨ
NHAI ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਇਨ੍ਹਾਂ ਟੋਲ ’ਤੇ ਟ੍ਰੈਕਟਰ-ਟਰਾਲੀ ਪਹਿਲਾਂ ਹੀ ਮੁਫਤ ਹਨ ਇਸਦੇ ਬਾਵਜੁਦ ਇਸ ਨੂੰ ਮੁੱਦਾ ਬਣਾਇਆ ਗਿਆ ਹੈ। NHAI ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨਾਲ 113 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਪ੍ਰਦਰਸ਼ਨਕਾਰੀਆਂ ਦੁਆਰਾ ਟੋਲ ਬੰਦ ਕੀਤੇ ਜਾਣ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਚੁਣੌਤੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਸ਼ਤਰੂਘਨ ਸਿਨਹਾ ਪਿਛਲੇ 5 ਦਿਨਾਂ ਤੋਂ ਹਸਪਤਾਲ ‘ਚ ਦਾਖਲ, ਬੇਟੇ ਲਵ ਨੇ ਦੱਸਿਆ ਇਹ ਕਾਰਨ
ਲੰਬੇ ਸਮੇਂ ਤੋਂ ਵਧੇ ਹੋਏ ਟੋਲ ਰੇਟਾਂ ਦੇ ਚੱਲਦੇ ਲਗਾਇਆ ਹੋਇਆ ਧਰਨਾ
ਧਿਆਨਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਵਧੇ ਹੋਏ ਟੋਲ ਰੇਟਾਂ ਦੇ ਚੱਲਦੇ ਕਿਸਾਨਾਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ ’ਤੇ ਧਰਨਾ ਲਗਾਇਆ ਹੋਇਆ ਹੈ। ਜਿਸ ਤੋਂ ਬਾਅਦ ਬੀਤੇ ਦਿਨ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ’ਤੇ ਪੱਕਾ ਤਾਲਾ ਲਗਾ ਦਿੱਤਾ ਹੈ। ਜਿਸ ਤੋਂ ਬਾਅਦ ਲੋਕ ਫ੍ਰੀ ’ਚ ਟੋਲ ਪਲਾਜ਼ਾ ਚੋਂ ਲੰਘ ਰਹੇ ਹਨ। ਪ੍ਰਦਰਸਨਕਾਰੀਆਂ ਵੱਲੋਂ ਜਿਹੜੇ ਟੋਲ ਬੰਦ ਕੀਤੇ ਗਏ ਹਨ ਉਨ੍ਹਾਂ ’ਚ ਲਾਡੋਵਾਲ ਸਣੇ ਅੰਮ੍ਰਿਤਸਰ ਦਾ ਉਸਮਾ, ਜਲੰਧਰ ਦਾ ਚੱਕ ਬਾਹਮਣੀਆਂ ਟੌਲ ਪਲਾਜ਼ਾ ਅਤੇ ਅੰਬਾਲਾ ਦਾ ਘੱਗਰ ਟੋਲ ਸ਼ਾਮਲ ਹੈ।