ਸ਼ੰਭੂ ਸਰਹੱਦ ਨੇੜੇ ਟਰੈਕ ‘ਤੇ ਬੈਠੇ ਕਿਸਾਨਾਂ ਕਰਕੇ 11 ਟਰੇਨਾਂ ਹੋਈਆਂ ਰੱਦ || Punjab News
ਕਿਸਾਨੀ ਅੰਦੋਲਨ ਦੇ ਚੱਲਦਿਆਂ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਆਪਣੀ ਆਵਾਜ਼ ਬੁਲੰਦ ਕੀਤੀ ਹੈ | ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦੇ ਵੱਲੋਂ ਅੱਜ ਰੇਲਾਂ ਦਾ ਚੱਕਾ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ ਹੈ |ਜਿਸ ਕਾਰਨ ਕਈ ਟਰੇਨਾਂ ਦੇ ਰੂਟ ਬਦਲਣੇ ਪਏ ਹਨ | ਇਸ ਦੇ ਨਾਲ ਹੀ 11 ਟਰੇਨਾਂ ਨੂੰ ਰੱਦ ਕਰ ਦਿੱਤੀਆਂ ਗਈਆਂ ਹਨ | ਜਿਸ ਨਾਲ ਅੰਬਾਲਾ ਸਟੇਸ਼ਨ ਦੇ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਪਿਆ ਹੈ |
ਮੀਟਿੰਗ ਰਹੀ ਬੇਸਿੱਟਾ
ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਅਤੇ ਕਿਸਾਨਾਂ ਵਿਚਕਾਰ ਹੋਈ ਮੀਟਿੰਗ ਬੇਸਿੱਟਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਹੱਥੋਪਾਈ ਵੀ ਹੋਈ।, ਜਿਸ ਦੌਰਾਨ ਪੁਲਿਸ ਦੁਆਰਾ ਲਗਾਏ ਬੈਰੀਕੇਡ ਵੀ ਤੋੜ ਦਿੱਤੇ ਗਏ ਹਨ।
ਕਿਸਾਨਾਂ ਦੇ ਕੀਤੇ ਐਲਾਨ ਮੁਤਾਬਿਕ ਅੰਬਾਲਾ ਦੇ ਸ਼ੰਭੂ ਸਰਹੱਦ ਨੇੜੇ ਰੇਲਵੇ ਸਟੇਸ਼ਨ ’ਤੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਹੜਤਾਲ ਦੇ ਚੱਲਦਿਆਂ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ 19 ਟਰੇਨਾਂ ਦੇ ਰੂਟ ਬਦਲੇ ਦਿੱਤੇ ਗਏ ਹਨ। ਟਰੇਨਾਂ ਦੀ ਦੇਰੀ ਕਰਕੇ ਅੰਬਾਲਾ ਸਟੇਸ਼ਨ ‘ਤੇ ਕਈ ਲੋਕ ਪਲੇਟਫਾਰਮ ‘ਤੇ ਸੁੱਤੇ ਪਏ ਦਿਖਾਈ ਦਿੱਤੇ ਕਿਉਂਕਿ ਲੋਕਾਂ ਨੂੰ ਟਰੇਨਾਂ ਲਈ ਕਈ ਘੰਟਿਆਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ |
ਆਮ ਲੋਕਾਂ ਨੂੰ ਦਿੱਕਤਾਂ ਦਾ ਕਰਨਾ ਪੈ ਰਿਹਾ ਸਾਹਮਣਾ
ਦਰਅਸਲ ਜੇਲ੍ਹ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਲਈ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕੀਤਾ ਹੈ | ਕਿਸਾਨਾਂ ਦੇ ਇਸ ਪ੍ਰਦਰਸ਼ਨ ਕਰਕੇ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸਦੇ ਚੱਲਦਿਆਂ ਸਵੇਰ ਤੋਂ ਹੀ ਸਫ਼ਰ ਕਰ ਰਹੇ ਯਾਤਰੀਆਂ ਦੀ ਰੇਲ ਗੱਡੀ ਅੱਧ ਵਿਚਾਲੇ ਹੀ ਰੱਦ ਕਰ ਦਿੱਤੀ ਗਈ ਹੈ । ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਦੀ ਕਾਫ਼ੀ ਭੀੜ ਲੱਗੀ ਹੋਈ ਹੈ ,ਜਿਸ ਕਾਰਨ ਲੋਕਾਂ ਨੂੰ ਸਟੇਸ਼ਨ ‘ਤੇ ਬੈਠਣ ਲਈ ਜਗ੍ਹਾ ਨਹੀਂ ਮਿਲ ਰਹੀ | ਇਸ ਦੌਰਾਨ ਲੋਕਾਂ ਨੇ ਰੇਲਵੇ ਪ੍ਰਸ਼ਾਸਨ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਿਹੜੀ ਟਰੇਨ ਰੱਦ ਹੋਈ ਜਾਂ ਲੇਟ ਹੈ, ਇਸ ਦੀ ਜਾਣਕਾਰੀ ਦੇਣ ਵਾਲਾ ਵੀ ਕੋਈ ਨਹੀਂ ਹੈ।
ਉੱਥੇ ਹੀ ਦੂਜੇ ਪਾਸੇ ਕਿਸਾਨਾਂ ਵੱਲੋਂ ਸ਼ੰਭੂ ਟਰੈਕ ਬੰਦ ਕਰਨ ਤੋਂ ਬਾਅਦ ਪਟਿਆਲਾ ਪੁਲੀਸ ਦੇ ਉੱਚ ਅਧਿਕਾਰੀ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਪੁੱਜੇ ਸਨ ,ਪਰੰਤੂ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲ ਪਾਇਆ ।