ਜਲੰਧਰ ‘ਚ ਚੋਣ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਐਕਸ਼ਨ, ਬ.ਦਮਾ.ਸ਼ ਦਲਜੀਤ ਭਾਨਾ ਦੀ ਪੈਰੋਲ ਕੀਤੀ ਰੱਦ
ਜਲੰਧਰ ਪੱਛਮੀ ਜ਼ਿਮਨੀ ਚੋਣਾਂ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਨੇ ਵੱਡਾ ਐਕਸ਼ਨ ਲਿਆ ਹੈ ਜਿਸਦੇ ਚੱਲਦਿਆਂ ਚੋਣ ਕਮਿਸ਼ਨ ਨੇ ਦਲਜੀਤ ਸਿੰਘ ਭਾਨਾ ਦੀ ਪੈਰੋਲ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਦਰਅਸਲ , ਭਾਰਤੀ ਜਨਤਾ ਪਾਰਟੀ ਨੇ ਬਦਮਾਸ਼ ਦਲਜੀਤ ਸਿੰਘ ਭਾਨਾ ਦੀ ਪੈਰੋਲ ਰੱਦ ਕਰਨ ਲਈ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਸੀ। ਇਸ ਤੋਂ ਇਲਾਵਾ ਕਾਂਗਰਸ ਨੇ ਵੀ ਭਾਨਾ ਦੀ ਪੈਰੋਲ ਰੱਦ ਕਰਨ ਲਈ ਕਮਿਸ਼ਨ ਵਿੱਚ ਸ਼ਿਕਾਇਤ ਕੀਤੀ ਸੀ।
ਮਿਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਲਿਆ ਫੈਸਲਾ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਸੂਚਿਤ ਕਰ ਦਿੱਤਾ ਹੈ। ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਮਿਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਜਲੰਧਰ ਪੱਛਮੀ ਉਪ ਚੋਣ ਦੀ ਪ੍ਰਕਿਰਿਆ ਮੁਕੰਮਲ ਹੋਣ ਤੱਕ ਦਲਜੀਤ ਸਿੰਘ ਭਾਨਾ ਦੀ ਪੈਰੋਲ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ।
ਪੁਲਿਸ ਸੁਰੱਖਿਆ ਨਾਲ ਇਲਾਕੇ ਵਿੱਚ ਸ਼ਰੇਆਮ ਘੁੰਮ ਰਿਹਾ ਭਾਨਾ
ਭਾਜਪਾ ਦੀ ਸ਼ਿਕਾਇਤ ਅਨੁਸਾਰ ਕਈ ਕਤਲ ਕੇਸਾਂ ਵਿੱਚ ਸ਼ਾਮਲ ਭਾਨਾ ਪੁਲਿਸ ਸੁਰੱਖਿਆ ਨਾਲ ਇਲਾਕੇ ਵਿੱਚ ਸ਼ਰੇਆਮ ਘੁੰਮ ਰਿਹਾ ਹੈ। ਜਿਸ ਕਾਰਨ ਵੋਟਰਾਂ ਵਿੱਚ ਸਹਿਮ ਦਾ ਮਾਹੌਲ ਹੈ। ਪਾਰਟੀ ਨੇ ਚੋਣ ਕਮਿਸ਼ਨ ਤੋਂ ਭਾਨਾ ਦੀ ਪੈਰੋਲ ਰੱਦ ਕਰਨ ਅਤੇ ਨਿਰਪੱਖ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।