ਸਿੱਖਿਆ ਵਿਭਾਗ ਨੇ ਗਰਮੀ ਕਾਰਨ 30 ਜੁਲਾਈ ਤੱਕ ਸਕੂਲ ਬੰਦ ਕਰਨ ਦਾ ਕੀਤਾ ਐਲਾਨ
ਇੱਕ ਪਾਸੇ ਕਈ ਇਲਾਕਿਆਂ ਵਿੱਚ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ ਉੱਥੇ ਹੀ ਕਸ਼ਮੀਰ ‘ਚ ਅੱਤ ਦੀ ਗਰਮੀ ਪੈ ਰਹੀ ਹੈ | ਗਰਮੀ ਨੇ ਜੁਲਾਈ ਮਹੀਨੇ ਦਾ 25 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਦਰਅਸਲ , ਕਸ਼ਮੀਰ ਵਿੱਚ ਕਈ ਥਾਵਾਂ ‘ਤੇ ਐਤਵਾਰ ਨੂੰ 25 ਸਾਲਾਂ ਵਿਚ ਜੁਲਾਈ ਦਾ ਸਭ ਤੋਂ ਉੱਚ ਤਾਪਮਾਨ ਦਰਜ ਕੀਤਾ ਗਿਆ। ਜਿਸਦੇ ਚੱਲਦਿਆਂ ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ |
28 ਤੋਂ 30 ਜੁਲਾਈ ਤੱਕ ਸਕੂਲ ਬੰਦ ਰੱਖਣ ਦੇ ਹੁਕਮ
ਕਸ਼ਮੀਰ ਸਕੂਲ ਵਿਭਾਗ ਨੇ ਅੱਤ ਦੀ ਗਰਮੀ ਕਾਰਨ 28 ਤੋਂ 30 ਜੁਲਾਈ ਤੱਕ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਸ਼੍ਰੀਨਗਰ ਸ਼ਹਿਰ ‘ਚ ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੱਸ ਦਈਏ ਕਿ 9 ਜੁਲਾਈ 1999 ਤੋਂ ਬਾਅਦ ਇਹ ਸਭ ਤੋਂ ਗਰਮ ਜੁਲਾਈ ਦਾ ਦਿਨ ਸੀ, ਜਦੋਂ ਪਾਰਾ 37 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ।
ਸਭ ਤੋਂ ਗਰਮ ਦਿਨ 10 ਜੁਲਾਈ 1946 ਨੂੰ ਕੀਤਾ ਗਿਆ ਸੀ ਦਰਜ
ਜ਼ਿਕਰਯੋਗ ਹੈ ਕਿ ਸ੍ਰੀਨਗਰ ਵਿਚ ਜੁਲਾਈ ਦਾ ਸਭ ਤੋਂ ਗਰਮ ਦਿਨ 10 ਜੁਲਾਈ 1946 ਨੂੰ ਦਰਜ ਕੀਤਾ ਗਿਆ ਸੀ, ਜਦੋਂ ਪਾਰਾ 38.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਦੱਖਣੀ ਕਸ਼ਮੀਰ ਦੇ ਕਾਜ਼ੀਗੁੰਡ ਅਤੇ ਕੋਕਰਨਾਗ ਕਸਬਿਆਂ ਵਿੱਚ ਵੀ ਐਤਵਾਰ ਨੂੰ ਜੁਲਾਈ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ। ਕਾਜ਼ੀਗੁੰਡ ਦਾ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ 11 ਜੁਲਾਈ, 1988 ਨੂੰ ਦਰਜ ਕੀਤੇ ਗਏ 34.5 ਡਿਗਰੀ ਸੈਲਸੀਅਸ ਦੇ ਪਿਛਲੇ ਸਭ ਤੋਂ ਉੱਚੇ ਤਾਪਮਾਨ ਨਾਲੋਂ ਵੱਧ ਸੀ।
ਇਹ ਵੀ ਪੜ੍ਹੋ : ਕਿਰਨ ਚੌਧਰੀ ਫਿਲਹਾਲ ਰਹੇਗੀ ਕਾਂਗਰਸੀ ਵਿਧਾਇਕ , ਵਿਧਾਨ ਸਭਾ ਤੋਂ ਅਸਤੀਫਾ ਨਾ ਦੇਣ ਦੇ 2 ਕਾਰਨ
ਅਗਲੇ 24 ਘੰਟਿਆਂ ‘ਚ ਪੈ ਸਕਦਾ ਮੀਂਹ
ਇੱਥੇ ਰਾਹਤ ਦੀ ਗੱਲ ਇਹ ਹੈ ਕਿ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ‘ਚ ਕਸ਼ਮੀਰ ਘਾਟੀ ‘ਚ ਵੱਖ-ਵੱਖ ਥਾਵਾਂ ‘ਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਤਾਪਮਾਨ ‘ਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਉੱਥੇ ਹੀ ਪੂਰਬੀ ਮੱਧ ਪ੍ਰਦੇਸ਼, ਵਿਦਰਭ, ਉੜੀਸਾ, ਛੱਤੀਸਗੜ੍ਹ, ਤੱਟੀ ਕਰਨਾਟਕ, ਪੱਛਮੀ ਮੱਧ ਪ੍ਰਦੇਸ਼, ਕੋਂਕਣ, ਗੋਆ, ਪੂਰਬੀ ਰਾਜਸਥਾਨ, ਦੱਖਣੀ ਅੰਦਰੂਨੀ ਕਰਨਾਟਕ ਅਤੇ ਉੱਤਰਾਖੰਡ ਵਿਚ ਭਾਰੀ ਬਾਰਸ਼ ਕਾਰਨ ਹਾਲਾਤ ਵਿਗੜ ਗਏ ਹਨ।