ਪ੍ਰੀਖਿਆ ’ਚ ‘ਜੈ ਸ੍ਰੀ ਰਾਮ’ ਲਿਖਣ ‘ਤੇ ਵਿਦਿਆਰਥੀ ਕੀਤੇ ਪਾਸ , ਦੋ ਪ੍ਰੋਫੈਸਰ ਮੁਅੱਤਲ || Latest News
ਇਹ ਮਾਮਲਾ ਉੱਤਰ ਪ੍ਰਦੇਸ਼ ਦੀ ਇਕ ਸਰਕਾਰੀ ਯੂਨੀਵਰਸਿਟੀ ਦਾ ਹੈ ਜਿੱਥੇ ਕਿ ਚਾਰ ਵਿਦਿਆਰਥੀਆਂ ਨੂੰ ਉੱਤਰ ਪੱਤਰੀਆਂ ਉਤੇ ਕਈ ਸਵਾਲਾਂ ਦੇ ਜਵਾਬ ’ਚ ‘ਜੈ ਸ੍ਰੀ ਰਾਮ’ ਤੇ ਭਾਰਤੀ ਟੀਮ ਦੇ ਕੁਝ ਕ੍ਰਿਕਟਰਾਂ ਦੇ ਨਾਮ ਲਿਖਣ ਦੇ ਬਾਵਜੂਦ ਵੀ ਪ੍ਰੋਫੈਸਰਾਂ ਵੱਲੋਂ ਪਾਸ ਕਰ ਦਿੱਤਾ ਗਿਆ ਸੀ | ਜਿਸ ‘ਤੇ ਹੁਣ ਪ੍ਰਸ਼ਾਸ਼ਨ ਨੇ ਸਖ਼ਤ ਕਾਰਵਾਈ ਕੀਤੀ ਹੈ ਜਿਸਦੇ ਚੱਲਦਿਆਂ ਦੋ ਪ੍ਰੋਫੈਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ |
ਆਰ.ਟੀ.ਆਈ .ਤਹਿਤ ਮੰਗੀ ਸੀ ਜਾਣਕਾਰੀ
ਦਰਅਸਲ ਉੱਤਰ ਪ੍ਰਦੇਸ਼ ਦੀ ਇਸ ਸਰਕਾਰੀ ਯੂਨੀਵਰਸਿਟੀ ਤੋਂ ਆਰ.ਟੀ.ਆਈ .ਤਹਿਤ ਜਾਣਕਾਰੀ ਮੰਗੀ ਗਈ ਸੀ ਜਿਸ ‘ਚ ਇਹ ਦੋਵੇ ਪ੍ਰੋਫੈਸਰ ਦੋਸ਼ੀ ਪਾਏ ਗਏ ਹਨ ਅਤੇ ਹੁਣ ਇਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਵੀਰ ਬਹਾਦਰ ਸਿੰਘ ਪੂਰਵਾਂਚਲ ਯੂਨੀਵਰਸਿਟੀ ਦੀ ਉਪ ਕੁਲਪਤੀ ਡਾ. ਵੰਦਨਾ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੀ ਪ੍ਰੀਖਿਆ ਕਮੇਟੀ ਨੇ ਇਸ ਮਾਮਲੇ ’ਤੇ ਮੀਟਿੰਗ ਕੀਤੀ ਅਤੇ ਦੋ ਅਧਿਆਪਕ ਡਾ. ਆਸ਼ੂਤੋਸ਼ ਗੁਪਤਾ ਤੇ ਡਾ. ਵਿਨੈ ਵਰਮਾ ਉੱਤਰੀਆਂ ਪੱਤਰੀਆਂ ਦਾ ਗਲਤ ਮੁਲਾਂਕਣ ਦੇ ਦੋਸ਼ੀ ਪਾਏ ਗਏ।
ਪੈਸੇ ਵਸੂਲੇ ਜਾਣ ਦੇ ਦੋਸ਼ਾਂ ਸਬੰਧੀ ਚੱਲ ਰਹੀ ਜਾਂਚ
ਉਪ ਕੁਲਪਤੀ ਨੇ ਕਿਹਾ ਕਿ ਦੋਵਾਂ ਨੂੰ ਡਿਊਟੀ ਤੋਂ ਫਾਰਗ ਕਰਨ ਲਈ ਅਨੁਸ਼ਾਸਨੀ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਅੰਤਿਮ ਫ਼ੈਸਲੇ ਲਈ ਇਹ ਰਿਪੋਰਟ ਕਾਰਜਕਾਰੀ ਕੌਂਸਲ ਅੱਗੇ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰੋਫੈਸਰਾਂ ਵੱਲੋਂ ਪਹਿਲੇ ਸਾਲ ਦੇ ਚਾਰ ਵਿਦਿਆਰਥੀਆਂ ਤੋਂ ਪੈਸੇ ਵਸੂਲੇ ਜਾਣ ਦੇ ਦੋਸ਼ਾਂ ਸਬੰਧੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ : ਕਾਂਗਰਸ ਨੂੰ ਲੱਗਿਆ ਵੱਡਾ ਝਟਕਾ, ਪ੍ਰਦੇਸ਼ ਪ੍ਰਧਾਨ ਨੇ ਦਿੱਤਾ ਅਸਤੀਫਾ
ਦੱਸ ਦਈਏ ਕਿ ਇਹ ਮਾਮਲਾ ਯੂੁਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਦਿਵਿਆਂਸ਼ੂ ਸਿੰਘ ਵੱਲੋਂ ਆਰਟੀਆਈ ਰਾਹੀਂ ਮੰਗੀ ਗਈ ਜਾਣਕਾਰੀ ਮਗਰੋਂ ਸਾਹਮਣੇ ਆਇਆ ਹੈ , ਜਿਸ ਨੂੰ ਇਹ ਪਤਾ ਲੱਗਾ ਸੀ ਕਿ ਡੀ ਫਾਰਮੇਸੀ ਦੇ ਕੁਝ ਵਿਦਿਆਰਥੀ ਗਲਤ ਜਵਾਬ ਲਿਖਣ ਦੇ ਬਾਵਜੂਦ ਵੀ ਪਾਸ ਹੋਏ ਹਨ।
ਇਸ ‘ਤੇ ਦਿਵਿਆਂਸ਼ੂ ਨੇ ਕੀ ਕਿਹਾ ?
ਦਿਵਿਆਂਸ਼ੂ ਨੇ ਕਿਹਾ ਕਿ ਉਸ ਨੇ 3 ਅਗਸਤ 2023 ਨੂੰ ਆਰਟੀਆਈ ਤਹਿਤ ਅਰਜ਼ੀ ਦਿੱਤੀ ਅਤੇ ਕੁਝ ਖਾਸ ਵਿਦਿਆਰਥੀਆਂ ਦੀਆਂ ਉੱਤਰ ਪੱਤਰੀਆਂ ਦੇ ਮੁੜ ਮੁਲਾਂਕਣ ਦੀ ਮੰਗ ਕੀਤੀ ਸੀ। ਆਰਟੀਆਈ ’ਚ ਉਕਤ ਖੁਲਾਸਾ ਹੋਣ ਮਗਰੋਂ ਦਿਵਿਆਂਸ਼ੂ ਨੇ ਰਾਜ ਭਵਨ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਸੀ ਇੱਕ ਪ੍ਰੋਫੈਸਰ ਨੇ ਪੈਸੇ ਲੈ ਕੇ ਵਿਦਿਆਰਥੀਆਂ ਨੂੰ ਪਾਸ ਕੀਤਾ ਹੈ।