ਚੰਡੀਗੜ੍ਹ, 29 ਅਗਸਤ 2025 : ਸੂਬੇ ਵਿੱਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ “ਉੱਦਮਤਾ (“Entrepreneurship”) ਨੂੰ ਮੁੱਖ ਵਿਸ਼ੇ (Main topics) ਵਜੋਂ ਪੇਸ਼ ਕਰਨ ਵਾਲਾ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ । ਉੱਦਮਤਾ” ਨੂੰ ਮੁੱਖ ਵਿਸ਼ੇ ਵਜੋਂ ਪੇਸ਼ ਕਰਨ ਦਾ ਉਦੇਸ਼ ਵਿਦਿਆਰਥੀਆਂ ਵਿੱਚ ਉੱਦਮੀ ਮਾਨਸਿਕਤਾ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਰੋਜ਼ਗਾਰ ਸਿਰਜਣ ਵਾਲੇ ਬਣਾਇਆ ਜਾ ਸਕੇ ।
ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਪਾਠਕ੍ਰਮ ਲਾਂਚ
ਅਕਾਦਮਿਕ ਸਾਲ 2025-26 (Academic Year 2025-26) ਵਿੱਚ ਸ਼ੁਰੂ ਹੋਣ ਵਾਲੀ ਇਸ ਮਹੱਤਵਪੂਰਨ ਪਹਿਲਕਦਮੀ ਦੀ ਅੱਜ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਸ਼ੁਰੂਆਤ ਕੀਤੀ ਗਈ । ਇੱਥੇ ਮਿਊਂਸੀਪਲ ਭਵਨ ਵਿਖੇ ਕਰਵਾਏ ਗਏ ਲਾਂਚ ਸਮਾਰੋਹ ਨੂੰ ਸੰਬੋਧਨ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਸਕੂਲ ਸਿੱਖਿਆ ਵਿੱਚ ਉੱਦਮਤਾ ਨੂੰ ਰਸਮੀ ਤੌਰ ‘ਤੇ ਇੱਕ ਮੁੱਖ ਵਿਸ਼ੇ ਵਜੋਂ ਸ਼ਾਮਲ ਕੀਤਾ ਹੈ । ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਨਵੀਨਤਾਕਾਰੀ, ਸਮੱਸਿਆ ਹੱਲ ਕਰਨ ਵਾਲੇ ਅਤੇ ਰੋਜ਼ਗਾਰ ਸਿਰਜਣ ਵਾਲੇ ਬਣਾਇਆ ਜਾ ਸਕੇਗਾ । ਨਵੇਂ ਲਾਂਚ ਕੀਤੇ ਗਏ ਵਿਸ਼ੇ ਦੀਆਂ ਮੁੱਖ ਵਿਸ਼ੇਸ਼ਤਾਵਾਂ ‘ਤੇ ਚਾਨਣਾ ਪਾਉਂਦਿਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਹ ਪਾਠਕ੍ਰਮ ਤਜਰਬੇ ਅਤੇ ਵਿਹਾਰਕ ਸਿੱਖਿਆ ‘ਤੇ ਆਧਾਰਿਤ ਹੈ ।
ਨਵੇਂ ਪਾਠਕ੍ਰਮ ਦਾ ਉਦੇਸ਼ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਕੇ ਰੋਜ਼ਗਾਰ ਸਿਰਜਣ ਵਾਲੇ ਬਣਾਉਣ ਲਈ ਉੱਦਮੀ ਮਾਨਸਿਕਤਾ ਪੈਦਾ ਕਰਨਾ : ਬੈਂਸ
ਇਸ ਤਹਿਤ ਵਿਦਿਆਰਥੀ ਟੀਮਾਂ ਬਣਾਉਣਗੇ, ਵਪਾਰਕ ਵਿਚਾਰ ਵਿਕਸਤ ਕਰਨਗੇ, ਪ੍ਰੋਟੋਟਾਈਪ ਵਿਕਸਤਿ ਕਰਨਗੇ, ਸੀਡ ਫੰਡਿੰਗ ਲਈ ਤਿਆਰੀ ਕਰਨਗੇ ਅਤੇ ਬਾਜ਼ਾਰ ਵਿੱਚ ਆਪਣੇ ਉਤਪਾਦਾਂ/ਸੇਵਾਵਾਂ ਨੂੰ ਲਾਂਚ ਕਰਨਗੇ । ਉਨ੍ਹਾਂ ਅੱਗੇ ਦੱਸਿਆ ਕਿ ਇਸ ਵਿੱਚ ਪ੍ਰੀਖਿਆ ਦਾ ਵਿਦਿਆਰਥੀਆਂ ਉੱਤੇ ਕੋਈ ਬੋਝ ਨਹੀਂ ਹੋਵੇਗਾ, ਲਿਖਤੀ ਪ੍ਰੀਖਿਆਵਾਂ ਦੀ ਥਾਂ ਸਕੂਲ-ਅਧਾਰਿਤ ਮੁਲਾਂਕਣ ਹੋਵੇਗਾ । ਮੁਲਾਂਕਣ ਵਿੱਚ ਸਵੈ-ਮੁਲਾਂਕਣ, ਸਾਥੀਆਂ ਵੱਲੋਂ ਮੁਲਾਂਕਣ ਅਤੇ ਅਧਿਆਪਕ/ਮੈਂਟਰ ਵੱਲੋਂ ਮੁਲਾਂਕਣ ਸ਼ਾਮਲ ਹੋਣਗੇ, ਜੋ ਸਿੱਖਣ ਦੇ ਅਨੁਕੂਲ ਮਾਹੌਲ ਨੂੰ ਉਤਸ਼ਾਹਿਤ ਕਰਨਗੇ ।
ਹਰੇਕ ਸਕੂਲੀ ਵਿਦਿਆਰਥੀ ਨੂੰ ਆਪਣਾ ਉੱਦਮ ਸ਼ੁਰੂ ਕਰਨ ਦੇ ਸਮਰੱਥ ਬਣਾਇਆ ਜਾਵੇਗਾ: ਮਨੀਸ਼ ਸਿਸੋਦੀਆ
ਉਨ੍ਹਾਂ ਦੱਸਿਆ ਕਿ ਇਸ ਵਿਸ਼ੇ ਦੇ ਸਾਲਾਨਾ 18 ਪੀਰੀਅਡ (3 ਥਿਊਰੀ ਅਤੇ 15 ਪ੍ਰੋਜੈਕਟ ਅਧਾਰਤ) ਹੋਣਗੇ ਜਿਸ ਨਾਲ ਇਹ ਪਾਠਕ੍ਰਮ ਵਿਦਿਆਰਥੀਆਂ ‘ਤੇ ਬਿਨਾਂ ਕਿਸੇ ਵਾਧੂ ਬੋਝ ਪਾਏ ਦਿਲਚਸਪ ਸਿੱਖਿਆ ਨੂੰ ਯਕੀਨੀ ਬਣਾਏਗਾ । ਇਸ ਪਹਿਲਕਦਮੀ ਦੇ ਆਰਥਿਕ ਪ੍ਰਭਾਵ ਨੂੰ ਉਜਾਗਰ ਕਰਦਿਆਂ ਹਰਜੋਤ ਸਿੰਘ ਬੈਂਸ (Harjot Singh Bains) ਨੇ ਕਿਹਾ ਕਿ ਸੂਬੇ ਦੇ 3,840 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 2.68 ਲੱਖ ਤੋਂ ਵੱਧ ਵਿਦਿਆਰਥੀਆਂ ਸਿੱਖਿਆ ਪ੍ਰਾਪਤ ਕਰ ਰਹੇ ਹਨ । ਇਹਨਾਂ ਵਿੱਚ 10 ਫੀਸਦੀ ਸਫਲਤਾ ਦਰ ਨਾਲ ਵਿਦਿਆਰਥੀ ਅਧਾਰਿਤ ਆਰਥਿਕ ਗਤੀਵਿਧੀ ਨਾਲ ਸਾਲਾਨਾ 300-400 ਕਰੋੜ ਰੁਪਏ ਕਮਾਏ ਜਾ ਸਕਦੇ ਹਨ । ਇਹ ਪਹਿਲਕਦਮੀ ਸਥਾਨਕ ਮੰਗ, ਨੌਕਰੀ ਅਤੇ ਭਾਈਚਾਰਕ ਸ਼ਮੂਲੀਅਤ ਪੈਦਾ ਕਰੇਗੀ ਜਿਸ ਨਾਲ ਜ਼ਮੀਨੀ ਪੱਧਰ ‘ਤੇ ਆਰਥਿਕ ਵਿਕਾਸ ਨੂੰ ਗਤੀ ਮਿਲੇਗੀ ।
“ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਨੌਜਵਾਨਾਂ ਦੇ ਸੁਪਨਿਆਂ ਵਿੱਚ ਵਿਸ਼ਵਾਸ ਰੱਖਦੀ ਹੈ
ਬੈਂਸ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਨੌਜਵਾਨਾਂ ਦੇ ਸੁਪਨਿਆਂ ਵਿੱਚ ਵਿਸ਼ਵਾਸ ਰੱਖਦੀ ਹੈ । ਇਸ ਪਹਿਲਕਦਮੀ ਦਾ ਉਦੇਸ਼ ਰਚਨਾਤਮਕਤਾ, ਅਜੌਕੇ ਸਮੇਂ ਦੇ ਅਨੁਕੂਲ ਅਤੇ ਸਮੱਸਿਆ ਹੱਲ ਕਰਨ ਦੇ ਹੁਨਰਾਂ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਵਿਦਿਆਰਥੀਆਂ ਨੂੰ ਮੌਕਿਆਂ ਦੀ ਉਡੀਕ ਕਰਨ ਵਾਲੇ ਬਣਨ ਦੀ ਬਜਾਇ ਉਨ੍ਹਾਂ ਨੂੰ ਮੌਕੇ ਸਿਰਜਣ ਲਈ ਸਮਰੱਥ ਬਣਾਉਣਾ ਹੈ । ਸਾਡੇ ਕਲਾਸਰੂਮ ਵਿਚਾਰਾਂ ਦੇ ਇਨਕਿਊਬੇਟਰਾਂ ਵਿੱਚ ਬਦਲ ਜਾਣਗੇ ਅਤੇ ਅਧਿਆਪਕ ਸਟਾਰਟਅੱਪ ਕੋਚ ਵਜੋਂ ਕੰਮ ਕਰਨਗੇ ਜੋ ਵਿਦਿਆਰਥੀਆਂ ਨੂੰ ਆਗੂ ਅਤੇ ਨੌਕਰੀਆਂ ਸਿਰਜਣ ਵਾਲੇ ਬਣਨ ਵਿੱਚ ਮਾਰਗਦਰਸ਼ਨ ਕਰਨਗੇ । ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਵਿਦਿਆਰਥੀਆਂ ਵਿੱਚ ਨਵੀਨਤਾ, ਫੈਸਲਾ ਲੈਣ ਅਤੇ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰੇਗੀ, ਜਿਸ ਨਾਲ ਸਥਾਈ ਆਰਥਿਕ ਵਿਕਾਸ ਦਾ ਰਾਹ ਪੱਧਰਾ ਹੋਵੇਗਾ ।
ਪੰਜਾਬ ਪਹਿਲਾ ਸੂਬਾ ਬਣ ਕੇ ਇੱਕ ਮਿਸਾਲ ਕਾਇਮ ਕਰੇਗਾ
ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸ ਪ੍ਰਮੁੱਖ ਕੋਰਸ ਦੀ ਸ਼ੁਰੂਆਤ ਨਾਲ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਣਾਲੀ ਨਵੀਨਤਾ ਅਤੇ ਉੱਦਮਤਾ ਦੇ ਇੱਕ ਨਵੇਂ ਯੁੱਗ ਵਿੱਚ ਦਾਖਲ ਹੋ ਜਾਵੇਗੀ । ਉਨ੍ਹਾਂ ਨੇ ਆਸ ਪ੍ਰਗਟਾਈ ਕਿ ਪੰਜਾਬ ਪਹਿਲਾ ਸੂਬਾ ਬਣ ਕੇ ਇੱਕ ਮਿਸਾਲ ਕਾਇਮ ਕਰੇਗਾ ਜਿੱਥੇ ਸਕੂਲ ਤੋਂ ਪਾਸ ਹੋਣ ਵਾਲੇ ਹਰ ਵਿਦਿਆਰਥੀ ਕੋਲ ਆਪਣਾ ਉੱਦਮ ਜਾਂ ਕੰਪਨੀ ਸ਼ੁਰੂ ਕਰਨ ਲਈ ਹੁਨਰ ਅਤੇ ਵਿਆਪਕ ਗਿਆਨ ਹੋਵੇਗਾ । ਉਨ੍ਹਾਂ ਕਿਹਾ, “ਜੇ ਸਾਡੇ ਵਿਦਿਆਰਥੀ ਪ੍ਰਸਿੱਧ ਅੰਤਰਰਾਸ਼ਟਰੀ ਕੰਪਨੀਆਂ ਵਿੱਚ ਉੱਚ ਅਹੁਦੇ ਪ੍ਰਾਪਤ ਕਰ ਸਕਦੇ ਹਨ ਤਾਂ ਉਹ ਆਪਣੀਆਂ ਕੰਪਨੀਆਂ ਸ਼ੁਰੂ ਕਿਉਂ ਨਹੀਂ ਕਰ ਸਕਦੇ?”