NEET PG 2024 ਦੀ ਪ੍ਰੀਖਿਆ ਲਈ ਨਵੀਂ ਤਰੀਕ ਦਾ ਐਲਾਨ, ਇਸ ਦਿਨ ਦੋ ਸ਼ਿਫਟਾਂ ‘ਚ ਹੋਵੇਗੀ ਪ੍ਰੀਖਿਆ
ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਜ਼ (NBEMS) ਨੇ NEET PG ਦੀ ਪ੍ਰੀਖਿਆ ਲਈ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਹੈ। ਹੁਣ ਇਹ ਪ੍ਰੀਖਿਆ 11 ਅਗਸਤ 2024 ਨੂੰ ਆਯੋਜਿਤ ਕੀਤੀ ਜਾਵੇਗੀ। ਪ੍ਰੀਖਿਆ ਦੋ ਸ਼ਿਫਟਾਂ ਵਿੱਚ ਆਯੋਜਿਤ ਕੀਤੀ ਜਾਵੇਗੀ। ਐੱਸਓਪੀ ਤੇ ਪ੍ਰੋਟੋਕੋਲ ਦੀ ਸਮੀਖਿਆ ਦੇ ਬਾਅਦ ਨੀਟ ਪੀਜੀ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਗਿਆ ਹੈ।
ਵੈਬਸਾਈਟ ‘ਤੇ ਜਾ ਕੇ ਨਵੀਂ ਪ੍ਰੀਖਿਆ ਤਰੀਕ ਦਾ ਚੈੱਕ ਕਰ ਸਕਦੇ ਹੋ ਨੋਟਿਸ
ਦੋ ਸ਼ਿਫਟਾਂ ਵਿੱਚ ਆਯੋਜਿਤ ਹੋਣ ਵਾਲੀ NEET PG ਪ੍ਰੀਖਿਆ ਨਾਲ ਸਬੰਧਿਤ ਵਧੇਰੇ ਜਾਣਕਾਰੀ ਜਲਦ ਹੀ ਬੋਰਡ ਦੀ ਅਧਿਕਾਰਿਕ ਵੈਬਸਾਈਟ natboard.edu.in ‘ਤੇ ਦਿੱਤੀ ਜਾਵੇਗੀ। ਹਰ ਸਾਲ ਦੇਸ਼ ਭਰ ਵਿੱਚ ਲਗਭਗ 52,000 ਮੈਡੀਕਲ ਪੀਜੀ ਸੀਟਾਂ ਲਈ ਲਗਭਗ ਦੋ ਲੱਖ MBBS ਗ੍ਰੈਜੂਏਟ NEET PG ਲਈ ਹਾਜ਼ਰ ਹੁੰਦੇ ਹਨ। ਇਸ ਦੇ ਨਾਲ ਹੀ ਜਿਨ੍ਹਾਂ ਉਮੀਦਵਾਰਾਂ ਨੇ ਪੋਸਟ ਗ੍ਰੈਜੂਏਟ ਮੈਡੀਕਲ ਐਂਟਰੈੱਸ ਐਗਜ਼ਾਮ ਦੇ ਲਈ ਅਰਜ਼ੀ ਦਿੱਤੀ ਸੀ ਤੇ 23 ਜੂਨ ਨੂੰ ਪ੍ਰੀਖਿਆ ਵਿੱਚ ਬੈਠਣ ਵਾਲੇ ਸਨ, ਉਹ NBE ਦੀ ਅਧਿਕਾਰਿਕ ਵੈਬਸਾਈਟ ‘ਤੇ ਜਾ ਕੇ ਨਵੀਂ ਪ੍ਰੀਖਿਆ ਤਰੀਕ ਦਾ ਨੋਟਿਸ ਚੈੱਕ ਕਰ ਸਕਦੇ ਹਨ।
NEET PG ਦਾ 23 ਜੂਨ ਨੂੰ ਕੀਤਾ ਜਾਣਾ ਸੀ ਆਯੋਜਨ
ਦਰਅਸਲ, NEET PG ਦਾ ਆਯੋਜਨ 23 ਜੂਨ ਨੂੰ ਕੀਤਾ ਜਾਣਾ ਸੀ, ਜਿਸਨੂੰ NEET UG ਅਤੇ UGC NET ਪੇਪਰ ਲੀਕ ਵਿਵਾਦ ਦੇ ਵਿਚਾਲੇ ਇਸਨੂੰ 22 ਜੂਨ ਨੂੰ ਨਿਰਧਾਰਿਤ ਸਮੇਂ ਤੋਂ 12 ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਪ੍ਰੀਖਿਆ ਦੀ ਅਖੰਡਤਾ ਦੇ ਉਲੰਘਣ ਦੀ ਕੋਸ਼ਿਸ਼ ਦਾ ਹਵਾਲਾ ਦਿੰਦੇ ਹੋਏ ਮੁਲਤਵੀ ਕਰ ਦਿੱਤਾ ਗਿਆ ਸੀ। ਬੋਰਡ ਦੇ ਅਨੁਸਾਰ, ਪ੍ਰੀਖਿਆ ਨੂੰ ਰੱਦ ਕੀਤਾ ਗਿਆ ਸੀ ਕਿਉਂਕਿ ਮੰਤਰਾਲਾ ਪ੍ਰੀਖਿਆ ਪ੍ਰਕਿਰਿਆ ਦੀ ਮਜ਼ਬੂਤੀ ਦੀ ਜਾਂਚ ਕਰਨਾ ਚਾਹੁੰਦਾ ਸੀ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਪ੍ਰਕਿਰਿਆ ਵਿੱਚ ਕੋਈ ਕਮਜ਼ੋਰੀ ਨਾ ਹੋਵੇ।
ਵਿਦਿਆਰਥੀਆਂ ਨੂੰ ਫੇਕ ਸੂਚਨਾਵਾਂ ਤੋਂ ਕੀਤਾ ਅਲਰਟ
ਉੱਥੇ ਹੀ NBEMS ਨੇ ਨੋਟਿਸ ਜਾਰੀ ਕਰ ਕੇ ਵਿਦਿਆਰਥੀਆਂ ਨੂੰ ਫੇਕ ਸੂਚਨਾਵਾਂ ਤੋਂ ਅਲਰਟ ਕੀਤਾ ਹੈ। ਬੋਰਡ ਨੇ ਕਿਹਾ ਕਿ ਕਿਸੇ ਵੀ ਜਾਣਕਾਰੀ ਦੇ ਲਈ ਕੈਂਡੀਡੇਟ NBEMS ਦੀ ਅਧਿਕਾਰਿਕ ਵੈਬਸਾਈਟ ‘ਤੇ ਹੀ ਵਿਜ਼ਿਟ ਕਰ ਕੇ ਕਰਨ ਤੇ ਉੱਥੇ ਹੀ ਜਾਰੀ ਨੋਟਿਸ ਤੇ ਸੂਚਨਾਵਾਂ ਨੂੰ ਹੀ ਸਹੀ ਮੰਨਣ। ਉੱਥੇ ਹੀ ਬੋਰਡ ਨੇ ਕਿਹਾ ਕਿ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਉਸਦਾ ਕੋਈ ਅਧਿਕਾਰਿਕ ਅਕਾਊਂਟ ਨਹੀਂ ਹੈ। ਇਸ ਲਈ ਸੋਸ਼ਲ ਮੀਡੀਆ ‘ਤੇ ਜਾਰੀ ਕਿਸੇ ਵੀ ਨੋਟਿਸ ‘ਤੇ ਭਰੋਸਾ ਨਾ ਕਰਨ।