Coaching ਸੈਂਟਰ ਦੀ Basement ‘ਚ ਭਰਿਆ ਪਾਣੀ, 3 ਲੋਕਾਂ ਦੀ ਮੌ-ਤ
ਦਿੱਲੀ ‘ਚ ਸ਼ਨੀਵਾਰ ਸ਼ਾਮ ਨੂੰ ਪਏ ਮੀਂਹ ਕਾਰਨ ਪੁਰਾਣੇ ਰਾਜੇਂਦਰ ਨਗਰ ‘ਚ ਇਕ IAS ਕੋਚਿੰਗ ਸੈਂਟਰ ਦੀ ਬੇਸਮੈਂਟ ‘ਚ ਪਾਣੀ ਭਰ ਗਿਆ ਅਤੇ ਪਾਣੀ ਭਰਨ ਕਾਰਨ ਤਿੰਨ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਸ਼ਾਮ 7 ਵਜੇ ਸੂਚਨਾ ਮਿਲਣ ਤੋਂ ਬਾਅਦ NDRF ਨੂੰ ਬੁਲਾਇਆ ਗਿਆ। ਦੇਰ ਰਾਤ ਤਿੰਨ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇਸ ਦੌਰਾਨ 14 ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਤਿੰਨੋਂ ਵਿਦਿਆਰਥੀਆਂ ਦੀ ਪਛਾਣ ਹੋਈ
ਉਨ੍ਹਾਂ ਦੱਸਿਆ ਕਿ ਹਾਦਸੇ ‘ਚ ਜਾਨ ਗਵਾਉਣ ਵਾਲੇ ਤਿੰਨ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਲਿਆਂਦਾ ਗਿਆ ਹੈ। ਤਿੰਨੋਂ ਵਿਦਿਆਰਥੀਆਂ ਦੀ ਪਛਾਣ ਹੋ ਗਈ ਹੈ। ਇਕ ਵਿਦਿਆਰਥੀ ਦਾ ਨਾਂ ਨੇਵਿਨ ਡਾਲਵਿਨ (28) ਹੈ। ਉਹ ਕੇਰਲ ਦਾ ਰਹਿਣ ਵਾਲਾ ਸੀ। ਉਹ ਪਿਛਲੇ ਅੱਠ ਮਹੀਨਿਆਂ ਤੋਂ IAS ਦੀ ਤਿਆਰੀ ਕਰ ਰਿਹਾ ਸੀ। ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਤੋਂ ਪੀਐਚਡੀ ਵੀ ਕਰ ਰਿਹਾ ਸੀ।
ਬਹੁਤ ਜ਼ਿਆਦਾ ਦਬਾਅ ਨਾਲ ਪਾਣੀ ਅੰਦਰ ਆਇਆ
ਇਸ ਤੋਂ ਇਲਾਵਾ ਮਰਨ ਵਾਲੀਆਂ ਵਿਦਿਆਰਥਣਾਂ ਦੀ ਪਛਾਣ ਤਾਨਿਆ ਸੋਨੀ (25) ਅਤੇ ਸ਼੍ਰੇਆ ਯਾਦਵ (25) ਵਜੋਂ ਹੋਈ ਹੈ। ਸ਼੍ਰੇਆ ਨੇ ਇੱਕ ਮਹੀਨਾ ਪਹਿਲਾਂ ਹੀ ਰਾਉ ਕੋਚਿੰਗ ਸੈਂਟਰ ਵਿੱਚ ਦਾਖਲਾ ਲਿਆ ਸੀ। ਉਹ ਅੰਬੇਡਕਰਨਗਰ, ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ। ਤਾਨਿਆ ਸੋਨੀ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਸ ਦੇ ਨਾਲ ਹੀ ਘਟਨਾ ਦੌਰਾਨ ਬੇਸਮੈਂਟ ਵਿੱਚ ਕਿੰਨੇ ਵਿਦਿਆਰਥੀ ਫਸੇ ਸਨ , ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ | ਦਰਅਸਲ , ਲਾਇਬ੍ਰੇਰੀ ਸ਼ਾਮ 7 ਵਜੇ ਬੰਦ ਹੋ ਰਹੀ ਸੀ, ਉਸੇ ਸਮੇਂ ਵਿਦਿਆਰਥੀ ਬਾਹਰ ਆ ਰਹੇ ਸਨ। ਇਸ ਦੌਰਾਨ ਬਹੁਤ ਜ਼ਿਆਦਾ ਦਬਾਅ ਨਾਲ ਪਾਣੀ ਅੰਦਰ ਆਉਣ ਲੱਗਾ। ਲਾਇਬ੍ਰੇਰੀ ਤੋਂ ਬਾਹਰ ਨਿਕਲਣ ਲਈ ਇੱਕ ਹੀ ਗੇਟ ਹੈ ਅਤੇ ਬੇਸਮੈਂਟ ਵਿੱਚੋਂ ਬਾਹਰ ਨਿਕਲਣ ਲਈ ਸਿਰਫ਼ ਇੱਕ ਪੌੜੀ ਹੈ।
ਬੇਸਮੈਂਟ 10-12 ਫੁੱਟ ਪਾਣੀ ਨਾਲ ਭਰੀ
ਚਸ਼ਮਦੀਦ ਵਿਦਿਆਰਥੀਆਂ ਨੇ ਦੱਸਿਆ ਕਿ ਜਦੋਂ ਅਸੀਂ ਲਾਇਬ੍ਰੇਰੀ ਖਾਲੀ ਕੀਤੀ, ਉਦੋਂ ਤੱਕ ਪਾਣੀ ਗੋਡਿਆਂ ਤੱਕ ਡੂੰਘਾ ਸੀ। ਵਹਾਅ ਇੰਨਾ ਤੇਜ਼ ਸੀ ਕਿ ਪੌੜੀਆਂ ਚੜ੍ਹਨਾ ਮੁਸ਼ਕਲ ਸੀ। ਸਿਰਫ਼ 2-3 ਮਿੰਟਾਂ ਵਿੱਚ ਹੀ ਪੂਰੀ ਬੇਸਮੈਂਟ 10-12 ਫੁੱਟ ਪਾਣੀ ਨਾਲ ਭਰ ਗਈ। ਬੱਚੇ ਬੈਂਚ ‘ਤੇ ਖੜ੍ਹੇ ਸਨ। ਬੱਚਿਆਂ ਨੂੰ ਬਚਾਉਣ ਲਈ ਰੱਸੇ ਸੁੱਟੇ ਗਏ ਪਰ ਪਾਣੀ ਗੰਦਾ ਸੀ, ਇਸ ਲਈ ਰੱਸੇ ਨਜ਼ਰ ਨਹੀਂ ਆ ਰਹੇ ਸਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਤੇਜ਼ ਦਬਾਅ ਕਾਰਨ ਪਾਣੀ ਅਚਾਨਕ ਅੰਦਰ ਕਿਵੇਂ ਆ ਗਿਆ। ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਕੋਚਿੰਗ ਆਪਰੇਟਰ ਅਤੇ ਕੋਆਰਡੀਨੇਟਰ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ‘ਤੇ ਭੇਜੀਆਂ
ਫਾਇਰ ਅਫਸਰ ਅਤੁਲ ਗਰਗ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ‘ਤੇ ਭੇਜੀਆਂ ਗਈਆਂ ਹਨ। ਪਹਿਲਾਂ ਤਾਂ ਸੜਕ ’ਤੇ ਪਾਣੀ ਭਰਨ ਕਾਰਨ ਬੇਸਮੈਂਟ ਵਿੱਚੋਂ ਪਾਣੀ ਨਹੀਂ ਨਿਕਲ ਰਿਹਾ ਸੀ। ਕੁਝ ਸਮੇਂ ਬਾਅਦ ਜਦੋਂ ਸੜਕ ਤੋਂ ਪਾਣੀ ਦਾ ਪੱਧਰ ਘੱਟ ਗਿਆ ਤਾਂ ਬੇਸਮੈਂਟ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਪੰਪ ਲਗਾ ਕੇ ਪਾਣੀ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲਣੀਆਂ ਸ਼ੁਰੂ ਹੋ ਗਈਆਂ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ STF ਅੰਮ੍ਰਿਤਸਰ ਤੇ BSF ਨੂੰ ਮਿਲੀ ਵੱਡੀ ਕਾਮਯਾਬੀ , ਹੈਰੋਇਨ ਸਣੇ ਫੜੇ 2 ਨਸ਼ਾ ਤਸਕਰ
ਰੱਸੀਆਂ ਦੀ ਮਦਦ ਨਾਲ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ
ਪੁਲਿਸ ਨੇ ਦੱਸਿਆ ਕਿ ਬਚਾਅ ਦੌਰਾਨ ਬੈਂਚ ਪਾਣੀ ‘ਚ ਤੈਰ ਰਿਹਾ ਸੀ। ਇਸ ਕਰਕੇ ਬੱਚਿਆਂ ਨੂੰ ਬਾਹਰ ਕੱਢਣ ਵਿੱਚ ਮੁਸ਼ਕਲਾਂ ਆਈਆਂ। ਦੇਰ ਰਾਤ ਜਦੋਂ ਬਚਾਅ ਕਾਰਜ ਆਪਣੇ ਅੰਤਿਮ ਪੜਾਅ ‘ਤੇ ਸੀ, ਉਦੋਂ ਵੀ ਅੰਦਰ 7 ਫੁੱਟ ਪਾਣੀ ਸੀ। ਬੱਚਿਆਂ ਨੂੰ ਰੱਸੀਆਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਕੋਚਿੰਗ ਇੰਸਟੀਚਿਊਟ ਦੇ ਬੇਸਮੈਂਟ ‘ਚ ਪਾਣੀ ਭਰਨ ਅਤੇ ਵਿਦਿਆਰਥੀਆਂ ਦੇ ਫਸ ਜਾਣ ਦੀ ਘਟਨਾ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ ਕਰਨ ਅਤੇ 24 ਘੰਟਿਆਂ ਦੇ ਅੰਦਰ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ।
ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਐਮਸੀਡੀ ਕਮਿਸ਼ਨਰ ਨੂੰ ਉਨ੍ਹਾਂ ਸਾਰੇ ਕੋਚਿੰਗ ਸੈਂਟਰਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਜੋ ਬੇਸਮੈਂਟਾਂ ਵਿੱਚ ਕਾਰੋਬਾਰੀ ਗਤੀਵਿਧੀਆਂ ਚਲਾ ਰਹੇ ਹਨ। ਇਹ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਸ ਦੁਖਾਂਤ ਲਈ ਜ਼ਿੰਮੇਵਾਰ ਐਮਸੀਡੀ ਅਧਿਕਾਰੀਆਂ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ।