ਜਾਣੋ ਕਿਉਂ ਹੋਈ ਚੱਲਦੀ ਟਰੇਨ ‘ਤੇ ਪੱਥਰਾਂ ਦੀ ਬਰਸਾਤ…
ਲੁਧਿਆਣਾ ਅਤੇ ਖੰਨਾ ਵਿਚਕਾਰ ਦੋਰਾਹਾ ਰੇਲਵੇ ਸਟੇਸ਼ਨ ਨੇੜੇ ਇਕ ਘਟਨਾ ਵਾਪਰੀ ਹੈ ਜਿੱਥੇ ਕਿ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਦਿੱਲੀ ਪਠਾਨਕੋਟ ਐਕਸਪ੍ਰੈਸ ‘ਤੇ ਪੱਥਰ ਮਾਰੇ ਗਏ ਹਨ । ਜਿਸਦੇ ਚੱਲਦਿਆਂ ਇਕ ਪੱਥਰ ਬੋਗੀ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਯਾਤਰੀ ਦੇ ਮੂੰਹ ‘ਤੇ ਜਾ ਵੱਜਿਆ। ਜਿਸ ਕਾਰਨ ਪਾਣੀਪਤ ਦਾ ਰਹਿਣ ਵਾਲਾ ਇਹ ਯਾਤਰੀ ਜ਼ਖਮੀ ਹੋ ਗਿਆ। ਜਿਸਨੂੰ ਸਰਹਿੰਦ ਰੇਲਵੇ ਸਟੇਸ਼ਨ ‘ਤੇ ਉਤਾਰ ਕੇ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ।
ਜ਼ਖਮੀ ਯੁਵਰਾਜ ਸਿੰਘ ਦੇ ਟੁੱਟ ਗਏ ਦੰਦ
ਜ਼ਖਮੀ ਯੁਵਰਾਜ ਸਿੰਘ ਦੇ ਦੰਦ ਟੁੱਟ ਗਏ ਹਨ ਅਤੇ ਬੁੱਲ੍ਹਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਮਾਮਲੇ ਦੀ ਜਾਂਚ ਕਰ ਰਹੇ ਜੀਆਰਪੀ ਚੌਕੀ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਤੁਰੰਤ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਪੁੱਜੇ। ਉੱਥੇ ਜ਼ਖਮੀ ਯੁਵਰਾਜ ਬੋਲਣ ਦੀ ਹਾਲਤ ‘ਚ ਨਹੀਂ ਸੀ।
ਬਿਆਨ ਕੀਤੇ ਗਏ ਦਰਜ
ਯੁਵਰਾਜ ਦੇ ਰਿਸ਼ਤੇਦਾਰ ਕਵਲਜੀਤ ਸਿੰਘ ਦੇ ਬਿਆਨ ਦਰਜ ਕੀਤੇ ਗਏ। ਰੇਲਵੇ ਐਕਟ ਦੀ ਧਾਰਾ 152 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਦੋਰਾਹਾ ‘ਚ ਵੀ ਮੌਕੇ ‘ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ।